ਪੰਨਾ:First Love and Punin and Babúrin.djvu/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾ ਪਿਆਰ

117

ਇਸਨੇ ਬੇਚੈਨੀ ਨਾਲ ਵੇਖਿਆ, ਪਹਿਲਾਂ ਸੱਜੇ ਅਤੇ ਫਿਰ ਖੱਬੇ ਪਾਸੇ, ਜਿਵੇਂ ਕੋਈ ਵਾਦਕ ਡਬਲ ਬਾਸ ਦੇ ਪਿੱਛੇ ਝਾਤ ਮਾਰਦਾ ਹੈ।

ਫਿਰ ਮੈਂ "ਚਿੱਟੀ ਬਰਫ਼ ਨਹੀਂ ਪਈ ਅਜੇ" ਗਾਉਣਾ ਸ਼ੁਰੂ ਕਰ ਦਿੱਤਾ ਅਤੇ ਉਸ ਸਮੇਂ ਦੇ ਪ੍ਰਸਿੱਧ ਗਾਣੇ ਵਿੱਚ ਵਹਿ ਤੁਰਿਆ, "ਮੈਂ ਤੇਰੀ ਉਡੀਕ ਕਰਦਾ ਹਾਂ, ਵੱਗਦੀ ਪੱਛੋਂ ਦੀ ਹਵਾ।" ਫਿਰ ਮੈਂ ਖੋਮਿਆਕੋਵ[1] ਦੇ ਦੁਖਾਂਤ ਨਾਟਕ ਵਿੱਚੋਂ ਤਾਰਿਆਂ ਨੂੰ ਯੇਰਮਾਕ ਦਾ ਸੰਬੋਧਨ ਉੱਚੀ-ਉੱਚੀ ਪੜ੍ਹਨ ਲੱਗਾ ਅਤੇ ਇੱਥੋਂ ਤੱਕ ਕਿ ਮੈਂ ਖ਼ੁਦ ਆਪ ਵਲਵਲਿਆਂ ਦੇ ਵਹਿਣ ਵਿੱਚ ਕੁਝ ਲਿਖਣ ਦੀ ਵੀ ਕੋਸ਼ਿਸ਼ ਕੀਤੀ। ਪਰ ਮੈਨੂੰ ਇੱਕ ਸਤਰ ਤੋਂ ਵੱਧ ਕੁਝ ਨਹੀਂ ਔੜਿਆ। ਇਹ ਕਵਿਤਾ ਦੇ ਅੰਤ ਵਿੱਚ ਆਉਣੀ ਸੀ: "ਓ ਜ਼ਿਨੈਦਾ! ਜ਼ਿਨੈਦਾ!" ਇਸ ਦੌਰਾਨ, ਡਿਨਰ ਦਾ ਸਮਾਂ ਨੇੜੇ ਆ ਰਿਹਾ ਸੀ, ਅਤੇ ਮੈਂ ਘਾਟੀ ਵਿਚ ਉਤਰਨ ਲੱਗਾ, ਅਤੇ ਇੱਕ ਤੰਗ ਜਿਹੀ ਡੰਡੀ ਪੈ ਗਿਆ ਜੋ ਇਸ ਵਿੱਚੀਂ ਵਲ਼ ਖਾਂਦੀ ਅੱਗੇ ਟਾਉਨ ਵਿਚ ਜਾ ਨਿਕਲਦੀ ਸੀ। ਮੇਰੇ ਪਿੱਛੇ ਮੈਂ ਘੋੜੇ ਦੇ ਸੁੰਮਾਂ ਦਾ ਹਲਕਾ-ਹਲਕਾ ਖੜਾਕ ਸੁਣਿਆ: ਮੈਂ ਮੁੜ ਕੇ ਦੇਖਿਆ ਅਤੇ ਦੇਖਦਾ ਰਹਿ ਗਿਆ, ਅਤੇ ਖੜ੍ਹਾ ਹੋ ਗਿਆ ਅਤੇ ਆਪਣੀ ਟੋਪੀ ਉਤਾਰ ਦਿੱਤੀ। ਮੈਂ ਦੇਖਿਆ ਕਿ ਮੇਰੇ ਪਿਤਾ ਅਤੇ ਜ਼ਿਨੈਦਾ ਦੋਵੇਂ ਆਪਣੇ ਘੋੜਿਆਂ ਤੇ ਨਾਲੋ ਨਾਲ ਆ ਰਹੇ ਸਨ; ਉਹ ਉਸ ਵੱਲ ਝੁਕਿਆ ਹੋਇਆ ਸੀ ਅਤੇ ਉਸਦੇ ਘੋੜੇ ਦੀ ਗਰਦਨ ਤੇ ਆਪਣਾ ਹੱਥ ਰੱਖੀ ਉਸ ਨਾਲ ਗੱਲ ਕਰ ਰਿਹਾ ਸੀ। ਉਹ ਚੁੱਪ ਚਾਪ ਸੁਣ ਰਹੀ ਸੀ, ਗੰਭੀਰ ਹਾਵਭਾਵ ਨਾਲ ਹੇਠਾਂ ਝਾਕ ਰਹੀ ਸੀ, ਅਤੇ ਆਪਣੇ ਬੁੱਲ੍ਹ ਟੁੱਕ ਰਹੀ ਸੀ। ਪਹਿਲਾਂ ਤਾਂ ਮੈਂ ਸਿਰਫ ਉਨ੍ਹਾਂ ਨੂੰ ਦੇਖਿਆ, ਪਰ ਕੁਝ ਪਲਾਂ ਵਿਚ ਬੇਲੋਵਜ਼ੋਰੋਵ ਵਾਦੀ ਦੇ ਇੱਕ ਮੋੜ ਤੋਂ ਆਪਣੀ ਹੁਸਾਰ ਦੀ ਵਰਦੀ ਅਤੇ ਜੈਕੇਟ ਵਿਚ ਆਪਣੇ ਕਾਲੇ ਘੋੜੇ ਤੇ ਨਜ਼ਰ ਪਿਆ। ਸੁੰਦਰ ਜਾਨਵਰ ਨੇ ਆਪਣਾ ਸਿਰ ਹਿਲਾਇਆ, ਸੁੜ੍ਹਾਕਾ ਮਾਰਿਆ ਅਤੇ ਮੂਹਰਲੀਆਂ ਟੰਗਾਂ ਉੱਪਰ ਚੁੱਕੀਆਂ; ਉਸ ਦੇ ਸਵਾਰ ਨੇ ਲਗਾਮ ਖਿੱਚੀ ਅਤੇ ਆਪਣੀਆਂ ਅੱਡੀਆਂ ਲਾਈਆਂ। ਮੈਂ ਇੱਕ ਪਾਸੇ ਦੀ ਡੰਡੀ ਵੱਲ ਮੁੜ ਗਿਆ। ਮੈਂ ਦੇਖਿਆ ਕਿ ਮੇਰਾ ਪਿਤਾ ਆਪਣੀਆਂ ਲਗਾਮਾਂ ਸੰਭਾਲ ਰਿਹਾ ਸੀ, ਅਤੇ ਜ਼ਿਨੈਦਾ ਕੋਲੋਂ ਹਟ ਗਿਆ ਸੀ;


  1. ਅਲੇਸੇਈ ਸਤੇਪਾਨੋਵਿਚ ਖੋਮਿਆਕੋਵ (1804-60), ਅਤੇ ਉਦਾਰਵਾਦੀ ਅਤੇ ਸਰਬ-ਸਲਾਵੀ ਰੁਝਾਨ ਦਾ ਕਵੀ ਅਤੇ ਨਾਟਕਕਾਰ ਸੀ। ਕੁਝ ਸਮਾਂ ਉਹ ਫ਼ੌਜ ਵਿੱਚ ਰਿਹਾ ਅਤੇ ਉਸ ਨੇ 1828 ਦੀ ਤੁਰਕੀ ਦੀ ਮੁਹਿੰਮ ਵਿਚ ਹਿੱਸਾ ਲਿਆ ਸੀ। ਉਸ ਨੇ ਭਾਸ਼ਾ ਵਿਗਿਆਨ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਇਆ। ਉਸ ਨੇ ਯੇਰਮਾਕ - ਸਾਇਬੇਰੀਆ ਦਾ ਵਿਜੇਤਾ ਨਾਮਕ ਦੁਖਾਂਤ ਨਾਟਕ ਲਿਖਿਆ।