ਪੰਨਾ:First Love and Punin and Babúrin.djvu/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

124

ਪਹਿਲਾ ਪਿਆਰ

"ਠੀਕ ਹੈ। ਮੰਨ ਲਓ ਮੈਂ ਤੇਰੀ ਪਤਨੀ ਹੋਵਾਂ, ਤੁਸੀਂ ਫਿਰ ਕੀ ਕਰੋਗੇ?"

ਬੇਲਵੋਜ਼ੋਰਵ ਚੁੱਪ ਹੋ ਗਿਆ।

"ਮੈਂ ਆਤਮਹੱਤਿਆ ਕਰ ਲਵਾਂਗਾ।"

ਜ਼ਿਨੈਦਾ ਹੱਸ ਪਈ।

"ਮੈਂ ਦੇਖ ਰਹੀ ਹਾਂ ਕਿ ਤੁਸੀਂ ਇਸ ਤੋਂ ਕੋਈ ਲੰਮੀ ਕਹਾਣੀ ਨਹੀਂ ਬਣਾਉਂਦੇ।" ਉਸਨੇ ਆਪਣੀਆਂ ਅੱਖਾਂ ਛੱਤ ਤੇ ਟਿਕਾਈਆਂ ਅਤੇ ਸੋਚਣ ਲੱਗੀ। "ਹੁਣ ਸੁਣੋ," ਉਸਨੇ ਅਖੀਰ ਕਿਹਾ, "ਜੋ ਮੈਂ ਕਲਪਨਾ ਕੀਤੀ ਉਹ ਇਹ ਹੈ। ਗਰਮੀਆਂ ਦੀ ਰੁੱਤ ਹੈ। ਇੱਕ ਸ਼ਾਨਦਾਰ ਮਹਿਲ ਹੈ ਜਿਸ ਵਿੱਚ ਇੱਕ ਸ਼ਾਨਦਾਰ ਨਾਚ-ਪਾਰਟੀ ਚੱਲ ਰਹੀ ਹੈ। ਹਰ ਜਗ੍ਹਾ ਸੋਨਾ, ਸੰਗਮਰਮਰ, ਕ੍ਰਿਸਟਲ, ਰੇਸ਼ਮ, ਰੋਸ਼ਨੀਆਂ, ਹੀਰੇ, ਫੁੱਲ, ਸੁਗੰਧੀਆਂ, ਅਤੇ ਐਸ਼ ਦਾ ਹਰੇਕ ਹੀਲਾ।"

"ਕੀ ਤੁਹਾਨੂੰ ਐਸ਼ ਪਸੰਦ ਹੈ?" ਲੁਸ਼ਿਨ ਨੇ ਟੋਕਿਆ।

"ਜਦੋਂ ਇਹ ਬਹੁਤ ਖ਼ੂਬਸੂਰਤ ਹੋਵੇ। ਹਰ ਖ਼ੂਬਸੂਰਤ ਚੀਜ਼ ਮੈਨੂੰ ਪਸੰਦ ਹੈ।"

"ਖ਼ੂਬਸੂਰਤ ਚੀਜ਼ਾਂ ਨਾਲੋਂ ਵੀ ਬਿਹਤਰ ਹੋਵੇ?"

"ਇਹ ਕੁਝ ਟੇਢੀ ਗੱਲ ਹੈ, ਮੈਨੂੰ ਸਮਝ ਨਹੀਂ ਆਉਂਦੀ। ਮੈਨੂੰ ਪਰੇਸ਼ਾਨ ਨਾ ਕਰੋ। ਨਾਚ ਪਾਰਟੀ ਸ਼ਾਨਦਾਰ ਹੈ। ਬਹੁਤ ਸਾਰੇ ਮਹਿਮਾਨ ਹਨ, ਉਹ ਸਾਰੇ ਜਵਾਨ, ਸੋਹਣੇ, ਬਹਾਦਰ, ਤੇ ਉਹ ਸਾਰੇ ਰਾਣੀ ਦੇ ਨਾਲ ਬੇਹੱਦ ਪਿਆਰ ਕਰਦੇ ਹੁੰਦੇ ਹਨ।"

"ਕੀ ਮਹਿਮਾਨਾਂ ਵਿਚ ਕੋਈ ਔਰਤ ਨਹੀਂ?" ਮਾਲੇਵਸਕੀ ਨੇ ਪੁੱਛਿਆ।

"ਨਹੀਂ; ਜਾਂ - ਉਡੀਕ ਕਰੋ - ਹਾਂ ਹਨ।"

"ਸਾਰੀਆਂ ਬਦਸੂਰਤ?"

"ਸਾਰੀਆਂ ਖ਼ੂਬਸੂਰਤ, ਪਰ ਮਰਦ ਸਾਰੇ ਰਾਣੀ ਨਾਲ ਪਿਆਰ ਕਰਦੇ ਹਨ। ਉਹ ਲੰਮੀ ਅਤੇ ਪਤਲੀ ਹੈ; ਉਸ ਨੇ ਕਾਲੇ ਵਾਲਾਂ ਤੇ ਥੋੜਾ ਜਿਹਾ ਸੋਨੇ ਦਾ ਮੁਕਟ ਪਾਇਆ ਹੋਇਆ ਹੈ।"

ਮੈਂ ਜ਼ਿਨੈਦਾ ਵੱਲ ਵੇਖਿਆ। ਅਤੇ ਉਹ ਸਾਡੇ ਸਾਰਿਆਂ ਨਾਲੋਂ ਬਹੁਤ ਉੱਚੀ ਉਠ ਗਈ ਜਾਪ ਰਹੀ ਸੀ। ਉਸਦਾ ਚਿੱਟਾ ਮੱਥਾ, ਉਸਦੀਆਂ ਬੇਹਰਕਤ ਭਵਾਂ ਸਿਆਣਪ ਅਤੇ ਰੋਹਬ ਦੀ ਚਮਕ ਨਾਲ ਦਗ ਰਹੇ ਜਾਪਦੇ ਸੀ। ਆਪਮੁਹਾਰੇ ਮੈਂ ਆਪਣੇ ਆਪ ਨੂੰ ਕਿਹਾ ਸੋ, "ਤੁਸੀਂ ਹੀ ਉਹ ਰਾਣੀ ਹੋ!"