ਪੰਨਾ:First Love and Punin and Babúrin.djvu/156

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

140

ਪਹਿਲਾ ਪਿਆਰ

ਹੈਰਾਨ ਕਰਨ ਵਾਲੀ ਖ਼ਬਰ ਮਿਲੀ ਕਿ ਮੈਂ ਇਕੱਲੇ ਨੇ ਭੋਜਨ ਕਰਨਾ ਸੀ; ਕਿ ਮੇਰਾ ਪਿਤਾ ਚਲਾ ਗਿਆ ਸੀ, ਅਤੇ ਮੇਰੀ ਮਾਂ ਬਿਮਾਰ ਸੀ ਅਤੇ ਕੁਝ ਖਾਣਾ ਨਹੀਂ ਚਾਹੁੰਦੀ ਸੀ, ਅਤੇ ਉਸਨੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ ਸੀ। ਨੌਕਰਾਂ ਦੇ ਚਿਹਰਿਆਂ ਦੇ ਹਾਵਭਾਵ ਤੋਂ ਪਤਾ ਚੱਲਦਾ ਸੀ ਕਿ ਕੁਝ ਅਜੀਬ ਵਾਪਰ ਗਿਆ ਸੀ। ਮੈਂ ਉਨ੍ਹਾਂ ਨੂੰ ਸਵਾਲ ਕਰਨ ਦਾ ਹੀਆ ਨਾ ਕੀਤਾ। ਪਰ ਇੱਕ ਨੌਜਵਾਨ ਅਰਦਲੀ, ਫਿਲਿਪ ਮੇਰਾ ਖ਼ਾਸ ਦੋਸਤ ਸੀ, ਜੋ ਕਵਿਤਾਵਾਂ ਦਾ ਬੜਾ ਸ਼ੌਕੀਨ ਸੀ ਅਤੇ ਗਿਟਾਰ ਦਾ ਕਲਾਕਾਰ ਸੀ; ਅਤੇ ਮੈਂ ਉਸ ਨੂੰ ਪੁੱਛਿਆ। ਉਸ ਤੋਂ ਮੈਨੂੰ ਪਤਾ ਲੱਗਿਆ ਕਿ ਮੇਰੇ ਪਿਤਾ ਅਤੇ ਮਾਂ ਵਿੱਚਕਾਰ ਫ਼ਰਾਂਸੀਸੀ ਵਿੱਚ ਭਿਅੰਕਰ ਝਗੜਾ ਹੋਇਆ ਸੀ (ਨੌਕਰਾਣੀਆਂ ਦੇ ਕਮਰੇ ਵਿੱਚੋਂ ਇੱਕ ਇੱਕ ਸ਼ਬਦ ਸੁਣਿਆ ਜਾ ਸਕਦਾ ਸੀ ਅਤੇ ਮਾਸ਼ਾ, ਜੋ ਪੈਰਿਸ ਤੋਂ ਇਕ ਫ੍ਰੈਂਚ ਦਰਜੀ ਨਾਲ ਪੰਜ ਸਾਲ ਰਹਿ ਚੁੱਕੀ ਸੀ, ਉਹ ਸਭ ਕੁਝ ਸਮਝ ਗਈ ਸੀ।); ਕਿ ਮੇਰੀ ਮਾਂ ਨੇ ਮੇਰੇ ਪਿਤਾ ਦੀ ਬੇਵਫ਼ਾਈ ਲਈ, ਗੁਆਂਢੀਆਂ ਦੀ ਜਵਾਨ ਕੁੜੀ ਨਾਲ ਸੰਬੰਧਾਂ ਲਈ ਲਾਹ-ਪਾਹ ਕੀਤੀ ਸੀ; ਕਿ ਪਹਿਲਾਂ ਤਾਂ ਉਸ ਨੇ ਆਪਣੇ ਆਪ ਨੂੰ ਸਹੀ ਠਹਿਰਾਇਆ, ਅਤੇ ਫਿਰ ਉਹ ਭੜਕ ਉਠਿਆ ਅਤੇ ਉਸ ਨੇ ਕੋਈ ਦੁਖਾਵਾਂ ਸ਼ਬਦ ਕਹਿ ਦਿੱਤਾ ਕਿ ਮੇਰੀ ਮਾਂ ਨੂੰ ਰੁਆ ਦਿੱਤਾ; ਕਿ ਮਾਂ ਨੇ ਇਕ ਬਿੱਲ ਦਾ ਵੀ ਜ਼ਿਕਰ ਕੀਤਾ ਜੋ ਰਾਜਕੁਮਾਰੀ ਲਈ ਅਦਾ ਕੀਤਾ ਗਿਆ ਜਾਪਦਾ ਸੀ, ਅਤੇ ਉਸਨੇ ਰਾਜਕੁਮਾਰੀ ਬਾਰੇ ਅਤੇ ਉਸਦੀ ਕੁੜੀ ਬਾਰੇ ਵੀ ਬੜੀਆਂ ਭੈੜੀਆਂ ਗੱਲਾਂ ਕਹੀਆਂ; ਅਤੇ ਇਹ ਕਿ ਫਿਰ ਮੇਰੇ ਪਿਤਾ ਨੇ ਮਾਂ ਨੂੰ ਧਮਕਾਇਆ।

"ਸਾਰੀਆਂ ਮੁਸੀਬਤਾਂ ਦੀ ਜੜ੍ਹ," ਫਿਲਿਪ ਨੇ ਕਿਹਾ, "ਇੱਕ ਅਗਿਆਤ ਚਿੱਠੀ ਸੀ - ਕੋਈ ਪਤਾ ਨਹੀਂ ਕਿਸ ਨੇ ਲਿਖੀ ਸੀ - ਕਿਉਂਕਿ ਹੋਰ ਕਿਸੇ ਤਰੀਕੇ ਇਹ ਗੱਲਾਂ ਸਾਹਮਣੇ ਨਹੀਂ ਸੀ ਆ ਸਕਣੀਆਂ।"

"ਫਿਰ, ਸ਼ਾਇਦ, ਕੁਝ ਅਜਿਹਾ ਸੀ," ਮੈਂ ਲੰਬੇ ਸਮੇਂ ਬਾਅਦ ਕੁਝ ਕਹਿਣ ਦਾ ਹੀਆ ਕਰ ਸਕਿਆ। ਮੇਰੇ ਹੱਥ ਅਤੇ ਪੈਰ ਬਹੁਤ ਠੰਢੇ ਸਨ, ਅਤੇ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਵਿਚ ਕੰਬਦਾ ਹੋਇਆ ਮਹਿਸੂਸ ਕੀਤਾ।