ਪੰਨਾ:First Love and Punin and Babúrin.djvu/161

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾ ਪਿਆਰ

145

ਇਮਾਨਦਾਰ, ਦੰਭ-ਰਹਿਤ ਚਰਿੱਤਰ ਕਾਰਨ ਚੰਗਾ ਲੱਗਦਾ ਸੀ, ਅਤੇ ਉਸ ਨਾਲ ਰਹੇ ਮੇਲਜੋਲ ਦੀਆਂ ਯਾਦਾਂ ਵੀ ਬੜੀਆਂ ਪਿਆਰੀਆਂ ਸਨ। ਮੈਂ ਭੱਜ ਕੇ ਉਸ ਕੋਲ ਗਿਆ।

"ਆਹਾ!" ਉਸ ਨੇ ਤਿਊੜੀਆਂ ਪਾਉਂਦਿਆਂ ਕਿਹਾ, "ਇਹ ਤੂੰ ਹੈਂ, ਨੌਜਵਾਨ! ਮੈਂ ਜ਼ਰਾ ਤੇਰੇ ਤੇ ਨਿਗਾਹ ਮਾਰ ਲਵਾਂ। ਤੂੰ ਅਜੇ ਵੀ ਪੀਲਾ ਹੈਂ, ਖੈਰ ਤੇਰੀਆਂ ਅੱਖਾਂ ਵਿੱਚ ਹੁਣ ਉਹ ਧੁੰਦਲਕਾ ਨਹੀਂ ਹੈ। ਤੂੰ ਹੁਣ ਇੱਕ ਆਦਮੀ ਲੱਗਦਾ ਹੈਂ, ਪਾਲਤੂ ਕਤੂਰਾ ਨਹੀਂ। ਚਲੋ ਸਭ ਠੀਕ ਹੈ। ਹਾਂ, ਤੂੰ ਕੀ ਕਰਦਾ ਹੈਂ? ਕੰਮ ਕਰ ਰਿਹੈਂ ਨਾ?"

ਮੈਂ ਵੱਡਾ ਸਾਰਾ ਸਾਹ ਲਿਆ। ਮੈਂ ਝੂਠ ਨਹੀਂ ਬੋਲਾਂਗਾ, ਅਤੇ ਮੈਨੂੰ ਸੱਚ ਦੱਸਣ ਤੋਂ ਸ਼ਰਮ ਆਉਂਦੀ ਸੀ।

ਲੂਸ਼ਿਨ ਨੇ ਅੱਗੇ ਕਿਹਾ, "ਕੋਈ ਗੱਲ ਨਹੀਂ, ਦਿਲ ਨਾ ਹਾਰ। ਸਭ ਤੋਂ ਵੱਡੀ ਚੀਜ ਸਾਵੀਂ ਜ਼ਿੰਦਗੀ ਜੀਉਣਾ ਹੈ, ਅਤੇ ਜਨੂੰਨ ਦੀ ਹੱਦ ਤੱਕ ਮੋਹ ਨੂੰ ਹਾਵੀ ਨਾ ਹੋਣ ਦੇਣਾ। ਇਹ ਕਿਸੇ ਤਰ੍ਹਾਂ ਵੀ ਚੰਗਾ ਹੁੰਦਾ? ਚਾਹੇ ਜਿਸ ਪਾਸੇ ਵੀ ਲਹਿਰ ਤੁਹਾਨੂੰ ਲੈ ਜਾਵੇ, ਇਹ ਚੰਗਾ ਨਹੀਂ ਹੁੰਦਾ। ਆਪਣੇ ਪੈਰਾਂ ਤੇ ਖੜ੍ਹੋ, ਜੇ ਉਹ ਇਕ ਪੱਥਰ ਤੇ ਟਿਕੇ ਹੋਣ। ਮੈਂ ਖੰਘ ਰਿਹਾ ਹਾਂ, ਤੂੰ ਦੇਖ ਰਿਹਾ ਹੈਂ ਨਾ; ਅਤੇ ਬੇਲੋਵਜ਼ੋਰੋਵ- ਕੀ ਤੁਸੀਂ ਉਸ ਬਾਰੇ ਸੁਣਿਆ ਹੈ?"

"ਨਹੀਂ, ਕੀ ਹੋਇਆ ਹੈ?"

"ਉਹ ਪੂਰੀ ਤਰ੍ਹਾਂ ਗ਼ਾਇਬ ਹੋ ਗਿਆ ਹੈ; ਕਹਿੰਦੇ ਹਨ ਕੋਹਕਾਫ਼ ਚਲਾ ਗਿਆ। ਇਹ ਤੇਰੇ ਲਈ ਇੱਕ ਸਬਕ ਹੈ, ਜਵਾਨ। ਇਹ ਉਨ੍ਹਾਂ ਲੋਕਾਂ ਤੋਂ ਮਿਲਦਾ ਹੈ ਜੋ ਨਹੀਂ ਜਾਣਦੇ ਕਿ ਸਮੇਂ ਸਿਰ ਕਿਵੇਂ ਬਚਣਾ ਹੈ, ਜਾਲ ਕਦੋਂ ਕੱਟਣਾ ਹੈ। ਜਾਪਦਾ ਹੈ ਕਿ ਤੂੰ ਖੁਸ਼ਕਿਸਮਤ ਹੈਂ ਜੋ ਬਚ ਗਿਆ। ਧਿਆਨ ਰੱਖ ਕਿ ਤੂੰ ਕਿਤੇ ਮੁੜ ਨਾ ਫਸ ਜਾਵੇਂ। ਅਲਵਿਦਾ!"

"ਮੈਂ ਮੁੜ ਨਹੀਂ ਫੱਸਦਾ," ਮੈਂ ਆਪਣੇ ਆਪ ਨੂੰ ਕਿਹਾ; "ਮੈਂ ਉਸ ਨੂੰ ਮੁੜ ਨਹੀਂ ਮਿਲਾਗਾ।" ਪਰ ਮੈਂ ਇਕ ਵਾਰ ਫਿਰ ਜ਼ਿਨੈਦਾ ਨੂੰ ਮਿਲਣਾ ਸੀ।