ਪੰਨਾ:First Love and Punin and Babúrin.djvu/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾ ਪਿਆਰ

79

ਦਸ ਵਾਰ ਨਜ਼ਰ ਦੌੜਾਉਂਦੇ ਹੋਏ ਮੈਂ ਇਹ ਸ਼ਬਦ ਪੜ੍ਹੇ: "ਜੂਲੀਅਸ ਸੀਜ਼ਰ ਯੁੱਧ ਵਿਚ ਆਪਣੀ ਦਲੇਰੀ ਦਿਖਾਉਣ ਲਈ ਜ਼ਿਕਰਯੋਗ ਸੀ।" ਮੈਨੂੰ ਕੁਝ ਨਹੀਂ ਆਇਆ ਅਤੇ ਕਿਤਾਬ ਹੇਠਾਂ ਸੁੱਟ ਦਿੱਤੀ। ਰਾਤ ਦੇ ਖਾਣੇ ਤੋਂ ਪਹਿਲਾਂ ਮੈਂ ਆਪਣੇ ਵਾਲਾਂ ਨੂੰ ਚੋਪੜ ਕੇ ਕੋਟ ਪਾ ਲਿਆ ਤੇ ਟਾਈ ਲਗਾ ਲਈ।

"ਇਹ ਕਾਹਦੀਆਂ ਤਿਆਰੀਆਂ ਨੇ," ਮੇਰੀ ਮਾਂ ਨੇ ਪੁੱਛਿਆ, "ਤੂੰ ਅਜੇ ਵਿਦਿਆਰਥੀ ਨਹੀ, ਅਤੇ ਰੱਬ ਜਾਣਦਾ ਹੈ ਕਿ ਕੀ ਤੂੰ ਆਪਣੀ ਪ੍ਰੀਖਿਆ ਪਾਸ ਕਰ ਸਕੇਂਗਾ ਅਤੇ ਤੈਨੂੰ ਆਪਣੀ ਜੈਕਟ ਬਣਵਾਏ ਕਿੰਨੀ ਕੁ ਦੇਰ ਹੋਈ ਹੈ! ਤੂੰ ਇਸਨੂੰ ਸੁੱਟ ਨਹੀਂ ਸੀ ਸਕਦਾ।"

"ਲੋਕ ਅੱਜ ਰਾਤ ਡਿਨਰ ਤੇ ਆ ਰਹੇ ਹਨ," ਲਗਭਗ ਨਿਰਾਸ਼ਾ ਵਿਚ ਮੈਂ ਘੁਸਰ ਮੁਸਰ ਕੀਤੀ।

"ਕੀ ਬਕਵਾਸ ਹੈ! ਸੱਚ, ਕਿਸ ਤਰ੍ਹਾਂ ਦੇ ਲੋਕ ਹਨ!"

ਮੈਂ ਆਪਣਾ ਕੋਟ ਲਾਹ ਕੇ ਜੈਕਟ ਪਾ ਲਈ, ਪਰ ਮੈਂ ਆਪਣੀ ਸਟਾਕ ਟਾਈ ਨਹੀਂ ਲਾਹੀ।

ਰਾਜਕੁਮਾਰੀ ਅਤੇ ਉਸਦੀ ਧੀ ਡਿਨਰ ਤੋਂ ਅੱਧਾ ਘੰਟਾ ਪਹਿਲਾਂ ਆ ਪਹੁੰਚੀਆਂ। ਰਾਜਕੁਮਾਰੀ ਨੇ ਹਰੇ ਕੱਪੜੇ ਪਹਿਨੇ ਹੋਏ ਸੀ, ਜੋ ਮੈਂ ਪਹਿਲਾਂ ਦੇਖੇ ਹੋਏ ਸਨ ਅਤੇ ਇੱਕ ਪੀਲੇ ਰੰਗ ਦਾ ਸ਼ਾਲ ਅਤੇ ਭੜਕੀਲੇ ਰਿਬਨਾਂ ਵਾਲੀ ਇੱਕ ਪੁਰਾਣੇ ਜ਼ਮਾਨੇ ਦੀ ਕੈਪ ਵੀ ਪਹਿਨ ਰੱਖੀ ਸੀ। ਉਸਨੇ ਤੁਰੰਤ ਆਪਣੇ ਬਿਲਾਂ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ, ਹੌਕਾ ਲਿਆ ਅਤੇ ਆਪਣੀ ਗ਼ਰੀਬੀ ਦੀਆਂ ਕਹਾਣੀਆਂ ਪਾਉਣ ਲਗੀ, ਉਹਦੀ ਗੱਲਬਾਤ ਬੇਨਤੀਆਂ ਨਾਲ ਭਰਪੂਰ ਸੀ, ਪਰ ਕਿਸੇ ਵੀ ਤਰ੍ਹਾਂ ਅਸਹਿਜ ਨਹੀਂ ਲੱਗਦੀ ਸੀ। ਉਸ ਨੇ ਇਕ ਨੁਮਾਇਸ਼ੀ ਤਰੀਕੇ ਨਾਲ ਨਸਵਾਰ ਦੀ ਚੂੰਢੀ ਲਈ, ਅਤੇ ਬੜੀ ਨਿਰਲੇਪਤਾ ਨਾਲ ਆਪਣੀ ਕੁਰਸੀ ਤੇ ਘੁੰਮ ਗਈ। ਸਪੱਸ਼ਟ ਸੀ ਕਿ ਇਹ ਗੱਲ ਉਸ ਦੇ ਜ਼ਹਨ ਵਿਚ ਨਹੀਂ ਸੀ ਕਿ ਉਹ ਇੱਕ ਰਾਜਕੁਮਾਰੀ ਸੀ।

ਦੂਜੇ ਪਾਸੇ, ਜ਼ਿਨੈਦਾ ਦਾ ਰਵੱਈਆ ਬਹੁਤ ਹੀ ਕਠੋਰ, ਲਗਪਗ ਘਮੰਡੀ ਅਤੇ ਪੂਰੀ ਤਰ੍ਹਾਂ ਸ਼ਾਹਾਨਾ ਸੀ। ਉਸ ਦੇ ਚਿਹਰੇ ਤੇ ਰੁੱਖਾ, ਨਿਰਲੇਪ, ਗੰਭੀਰ ਹਾਵਭਾਵ ਉਕਰਿਆ ਹੋਇਆ ਸੀ; ਅਤੇ ਉਹ ਮੈਨੂੰ ਅਜਨਬੀ ਲੱਗੀ, ਉਸਦੀ ਤੱਕਣੀ, ਉਸ ਦੀ ਮੁਸਕਰਾਹਟ ਮੈਨੂੰ ਨਜ਼ਰ ਨਹੀਂ ਆਈ ਹਾਲਾਂਕਿ ਇਸ ਨਵੇਂ ਰੂਪ ਵਿੱਚ ਉਹ ਮੈਨੂੰ ਖ਼ੂਬਸੂਰਤ ਲੱਗ ਰਹੀ ਸੀ।