ਪੰਨਾ:First Love and Punin and Babúrin.djvu/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾ ਪਿਆਰ

83

ਅੱਜ ਰਾਤ ਪਹਿਲੀ ਵਾਰ ਸਾਡੇ ਨਾਲ ਖੇਡ ਰਿਹਾ ਹੈ, ਅਤੇ ਉਹ ਦਸਤੂਰ ਦਾ ਬੱਝਾ ਨਹੀਂ ਹੈ। ਇਹ ਬੁੜਬੁੜ ਕੋਈ ਚੰਗੀ ਗੱਲ ਨਹੀਂ ਹੈ; ਤੁਹਾਨੂੰ ਟਿਕਟ ਲਿਖਣਾ ਚਾਹੀਦਾ ਹੈ, ਕਿਉਂਕਿ ਇਹ ਮੇਰੀ ਇੱਛਾ ਹੈ।"

ਕਾਊਂਟ ਨੇ ਆਪਣੇ ਮੋਢੇ ਉਚਕਾਏ, ਪਰ ਆਗਿਆਕਾਰਤਾਪੂਰਵਕ ਆਪਣਾ ਸਿਰ ਝੁਕਾਇਆ। ਉਸਨੇ ਆਪਣੇ ਸਫੈਦ, ਮੁੰਦਰੀ ਵਾਲੇ ਹੱਥ ਵਿੱਚ ਇੱਕ ਪੈੱਨ ਲਿਆ, ਕਾਗ਼ਜ਼ ਦੀ ਪਰਚੀ ਪਾੜੀ ਅਤੇ ਲਿਖਣ ਲੱਗਾ।

"ਸਾਰੀ ਖੇਡ ਸ੍ਰੀਮਾਨ ਵੋਲਦੇਮਰ ਨੂੰ ਸਮਝਾਈ ਜਾਵੇ," ਲੂਸ਼ਿਨ ਨੇ ਵਿਅੰਗ ਦੇ ਲਹਿਜੇ ਨਾਲ ਕਿਹਾ, "ਨਹੀਂ ਤਾਂ, ਇਹਦੇ ਕੱਖ ਪੱਲੇ ਨਹੀਂ ਪੈਣਾ। ਦੇਖ, ਜਵਾਨ, ਅਸੀਂ ਸ਼ਰਤ ਲਾ ਕੇ ਖੇਡ ਰਹੇ ਹਾਂ; ਰਾਜਕੁਮਾਰੀ ਨੇ ਇੱਕ ਸ਼ਰਤ ਰੱਖੀ ਹੈ, ਅਤੇ ਜਿਸਦਾ ਵੀ ਲੱਕੀ ਨੰਬਰ ਨਿਕਲੇਗਾ ਉਸ ਨੂੰ ਉਸਦਾ ਹੱਥ ਚੁੰਮਣ ਦਾ ਅਧਿਕਾਰ ਹੋਵੇਗਾ। ਕੀ ਤੁਸੀਂ ਸਮਝ ਗਏ ਹੋ ਜੋ ਮੈਂ ਕਿਹਾ ਹੈ?"

ਮੈਂ ਸਿਰਫ਼ ਉਸ ਵੱਲ ਦੇਖਿਆ, ਅਤੇ ਹਵਾਈ ਖ਼ਿਆਲਾਂ ਵਿੱਚ ਡੁੱਬਿਆ ਰਿਹਾ; ਪਰ ਰਾਜਕੁਮਾਰੀ ਦੁਬਾਰਾ ਕੁਰਸੀ ਤੇ ਚੜ੍ਹ ਗਈ, ਅਤੇ ਦੁਬਾਰਾ ਟੋਪੀ ਨੂੰ ਹਿਲਾਉਣ ਲੱਗੀ। ਉਹ ਸਾਰੇ ਉਸਦੇ ਆਲੇ-ਦੁਆਲੇ ਸਨ, ਅਤੇ ਹੁਣ ਮੈਂ ਵੀ ਉਨ੍ਹਾਂ ਦੇ ਵਿੱਚ ਸੀ।

"ਮੈਦਾਨੋਵ," ਜ਼ਿਨੈਦਾ ਨੇ ਇਕ ਛੋਟੇ ਜਿਹੇ ਚਿਹਰੇ, ਛੋਟੀਆਂ ਛੋਟੀਆਂ ਅੱਖਾਂ ਅਤੇ ਬਹੁਤ ਲੰਮੇ ਕਾਲੇ ਵਾਲਾਂ ਵਾਲੇ ਇਕ ਉੱਚੇ-ਲੰਮੇ ਨੌਜਵਾਨ ਨੂੰ ਕਿਹਾ, "ਤੈਨੂੰ ਕਵੀ ਦੇ ਤੌਰ ਤੇ ਮਿਹਰਬਾਨ ਹੋਣਾ ਚਾਹੀਦਾ ਹੈ, ਅਤੇ ਤੂੰ ਮੇਸੀਓਰ ਵੋਲਦੇਮਰ ਨੂੰ ਆਪਣੀ ਟਿਕਟ ਦੇ ਦੇ, ਤਾਂ ਜੋ ਉਸ ਦਾ ਇਮਕਾਨ ਦੁੱਗਣੇ ਹੋ ਜਾਣ।"

ਮੈਦਾਨੋਵ ਨੇ ਆਪਣਾ ਸਿਰ ਅਤੇ ਆਪਣੇ ਲੰਮੇ ਵਾਲ ਹਿਲਾ ਕੇ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ। ਮੈਂ ਸਭ ਤੋਂ ਬਾਅਦ ਆਪਣਾ ਹੱਥ ਟੋਪੀ ਵਿੱਚ ਪਾਇਆ। ਮੈਂ ਇੱਕ ਟਿਕਟ ਚੁੱਕ ਲਈ, ਅਤੇ ਇਸਨੂੰ ਖੋਲ੍ਹਿਆ। ਰੱਬ ਦੀ ਸਹੁੰ! ਜਦੋਂ ਮੈਂ "ਇੱਕ ਚੁੰਮੀ" ਦੇ ਸ਼ਬਦ ਪੜ੍ਹੇ ਤਾਂ ਮੇਰੇ ਜਜ਼ਬਾਤ ਕੀ ਸਨ?

"ਇੱਕ ਚੁੰਮੀ!" ਮੈਂ ਆਪਮੁਹਾਰੇ ਬੋਲ ਉਠਿਆ।

"ਬੱਲੇ, ਉਹ ਜਿੱਤ ਗਿਆ!" ਰਾਜਕੁਮਾਰੀ ਨੇ ਚੀਕ ਕੇ ਕਿਹਾ।"ਮੈਂ ਕਿੰਨੀ ਖ਼ੁਸ਼ ਹਾਂ!"