ਪੰਨਾ:Hakk paraia.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਲਣ ਸਮੇਂ ਮਲਕ ਦਾ ਮਨ ਬਹੁਤ ਖਰਾਬ ਸੀ । ਨਵਾਬ ਨੇ ਸਾਰੇ ਅਮੀਰ ਵਜ਼ੀਰਾਂ ਦੇ ਸਾਹਮਣੇ ਉਸ ਨੂੰ ਝਾੜ ਦਿੱਤਾ ਸੀ। ਗੁੱਸੇ ਨਾਲ ਉਹਦਾ ਅੰਦਰ ਬਾਹਰ ਭੁੱਜ ਰਿਹਾ ਸੀ। ਉਹਨੂੰ ਆਪਣਾ ਆਪ ਸਭ ਤੋਂ ਨੀਵਾਂ ਲੱਗ ਰਿਹਾ ਸੀ । ਕਿਸੇ ਦੇ ਸਾਹਮਣੇ ਹੋਣ ਨੂੰ ਉਹਦਾ ਜੀਅ ਨਹੀਂ ਸੀ ਕਰਦਾ । ਇਸ ਲਈ ਉਹ ਸਾਰੇ ਅਹਿਲਕਾਰਾਂ ਤੋਂ ਅੱਖ ਬਚਾਕੇ ਚੁਪਚਾਪ ਮੱਹਲਾਂ 'ਚੋਂ ਨਿਕਲ ਤੁਰਿਆ ਸੀ।

ਸੋਚਾਂ ਵਿਚ ਗਵਾਚਿਆ ਮਲਕ ਬੇਧਿਆਨ ਤੁਰਿਆ ਜਾ ਰਿਹਾ ਸੀ ਕਿ ਠੇਡਾ ਖਾ ਉਹ ਸੜਕ ਦੇ ਕਿਨਾਰੇ ਤੇ ਸੁੱਤੇ ਇਕ ਫ਼ਕੀਰ ਤੇ ਜਾ ਪਿਆ । ਫ਼ਕੀਰ ਤ੍ਰਬਕ ਕੇ ਉਠ ਬੈਠਾ 'ਤੇ ਬੁੜਬੁੜ ਕਰਨ ਲਗਾ । ਪਰ ਜਦੋਂ ਆਪਾ ਸੰਭਾਲ ਮਲਕ ਉਠਕੇ ਗਰਜਿਆ “ਕੀ ਗੱਲ ਏ ਉਏ ?" ਤਾਂ ਉਹਦੀ ਅਵਾਜ਼ ਪਛਾਣ ਫ਼ਕੀਰ ਦੀ ਜ਼ਬਾਨ ਥਥਲਾਣ ਲਗ ਪਈ ਸੀ । "ਮਹਾਰਾਜ ਮਾਫ਼ ਕਰਨਾ, ਮੈਥੋਂ ਗਲਤੀ ਹੋ ਗਈ ।" ਉਹ ਹੱਥ ਜੋੜ ਕੇ ਗਿੜਗਿੜਾਣ ਲਗ ਪਿਆ ।

ਮਲਕ ਨੇ ਉਸਦੀ ਗੱਲ ਜਿਵੇਂ ਸੁਣੀ ਹੀ ਨਹੀਂ। "ਠੀਕ ਏ, ਠੀਕ ਏ, ਸੌ ਦਫ਼ਾ ਹੋ ।" ਕਹਿ ਆਪ ਅੱਗੇ ਤੁਰ ਪਿਆ। "ਇਹ ਹੈ ਫ਼ਕੀਰ । ਇਹਨੂੰ ਕਹਿੰਦੇ ਨੇ ਫਕੀਰੀ । ਇਹਨੇ ਆਪਾ ਮਾਰਿਆ ਹੋਇਆ ਹੈ, ਇਹ ਹੈ ਸੱਚਾ ਫ਼ਕੀਰ ...... ਜਣੇ ਖਣੇ ਨੂੰ ਗਾਲ੍ਹਾਂ ਕਢਦਿਆਂ ਫਿਰਨਾ ਕਿਧਰ ਦੀ ਫ਼ਕੀਰੀ ਹੋਈ । ਨਾਨਕ ਫ਼ਕੀਰ ਨਹੀਂ। ਭੇਖੀ ਏ । ਮੈਂ ਉਹਨੂੰ ਸਿਧਾ ਕਰ ਦਿਆਂਗਾ । ਮਲਕ ਫ਼ੇਰ ਸੋਚਣ ਲਗ ਪਿਆ-ਅਜ ਸਵੇਰੇ ਤੇ ਵੇਖੋ ਕੀ ਰੰਗ ਖਿਲ੍ਹਦੇ ਨੇ । ਅਜ ਤੇ ਨਵਾਬ ਸ਼ਹਿਜ਼ਾਦੇ ਦੀ ਵਿਗੜੀ ਹਾਲਤ ਕਾਰਨ ਦਿਲਗੀਰ ਹੋਇਆ ਹੋਇਆ ਸੀ । ਨੂਰਦੀਨ ਦੀਆਂ ਗੱਲਾਂ ਵਿਚ ਆ ਨਾਨਕ ਨੂੰ ਪੀਰ ਹੀ ਮੰਨ ਬੈਠਾ ਏ।......ਪਰ ਜੇ ਸ਼ਹਿਜ਼ਾਦਾ ਠੀਕ ਨਾ ਹੋਇਆ ਤਾਂ ਉਹ ਇਸ ਫ਼ਕੀਰ ਦੇ ਨਾਲ ਨੂਰਦੀਨ ਨੂੰ ਵੀ ਪੀੜ ਦੇਵੇਗਾ |.••••• ਇਹੋ ਜਿਹਾ ਫ਼ਕੀਰ ਪੀੜਿਆ ਹੀ ਜਾਣਾ ਚਾਹੀਦਾ ਹੈ । ਟੂਕਰ ਖਾਣ ਨਾਲ ਭੌਖੜਾ ਤਾਂ ਦੂਰ ਹੋ ਸਕਦਾ ਏ ਭਲਾ ਕਦੇ ਲਾ-ਇਲਾਜ ਰੋਗ ਵੀ ਦੂਰ ਹੁੰਦਾ ਏ। ਕਹਿੰਦਾ ਸੀ 'ਇਹਦੇ ਮੂੰਹ ਹਕ ਹਲਾਲ ਦਾ ਟੁਕਰ ਲਾਉ, ਠੀਕ ਹੋ ਜਾਏਗਾ।' ਇਹ ਤੇ ਹੁਣ ਪਤਾ ਲਗੇਗਾ ਕਿ ਸ਼ਹਿਜ਼ਾਦਾ ਠੀਕ ਹੁੰਦਾ ਏ ਕਿ ਤੂੰ ਠੀਕ ਹੁੰਦੈ। ਸੋਚ ਮੁਲਕ ਦੇ ਮਨ ਧਰਵਾਸ ਜਿਹੀ ਆ ਗਈ ।

੧੧੭