ਪੰਨਾ:Hakk paraia.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਲਈ ਮਲਕ ਨੇ ਦਿਲ ਤਕੜਾ ਕਰ ਗੁੱਸਾ ਪੀਦਿਆਂ ਆਖਿਆ “ਤੂੰ ਜਾਹ ਜੇ ਜਾਣਾ ਈਂ ਤਾਂ, ਮੈਂ ਤੇ ਉਸ ਨਾਸਤਕ ਦੀ ਸੂਰਤ ਵੇਖਣਾ ਨਹੀਂ ਚਾਹੁੰਦਾ।”

ਤੇਰੀ ਮਰਜ਼ੀ । ਕਹਿ ਉਹਦਾ ਦੋਸਤ ਚਲਾ ਗਿਆ ਤੇ ਗੁੱਸੇ ਨਾਲ ਸੜਿਆ ਬਲਿਆ ਮਲਕ ਘੋੜਾ ਭਜਾਂਵਾਂ ਘਰ ਆ ਗਿਆ ।

ਦੀਵਾਨ ਖ਼ਾਨੇ ਵਿਚ ਕਿੰਨੀ ਦੇਰ ਇਕੱਲਾ ਬੈਠਾ ਉਹ ਨਾਨਕ ਤੋਂ ਬਦਲਾ ਲੈਣ ਦੀ ਸੋਚਦਾ ਰਿਹਾ ਤੇ ਆਖਰ ਉਸ ਮਿਸਰ ਨੂੰ ਬੁਲਾਕੇ ਪੁਛਿਆ: 'ਤੇ ਉਸ ਨਾਨਕ ਫ਼ਕੀਰ ਬਾਰੇ ਕੁੱਝ ਜਾਣਦਾ ਏਂ ?

ਮਲਕ ਦੀ ਗੁਸੈਲੀ ਅਵਾਜ਼ ਤੋਂ ਮਿਸਰ ਉਹਦੀ ਰਮਜ਼ ਸਮਝ ਗਿਆ ਸੀ। ਨੱਕ ਮੂੰਹ ਚੜ੍ਹਾਂਦਾ ਬੋਲਿਆ : “ਉਸ ਰਾਹੀਏ ਦੀ ਗੱਲ ਕਰਦੇ ਹੋ, ਮਹਾਰਾਜ ।

"ਹਾਂ।"

"ਨਹੀਂ, ਮਹਾਰਾਜ ਉਹਦੇ ਬਾਰੇ ਕੀ ਜਾਣਨਾ ਏ ਸਿਆਣੇ ਆਖਦੇ ਨੇ ਜਿਸ ਪਾਸੇ ਜਾਣਾ ਈਂ ਨਹੀਂ ਉਹਦਾ ਰਾਹ ਕਾਹਨੂੰ ਪੁਛਣਾ ਹੋਇਆ |" ਮਿਸਰ ਨੇ ਆਪਣੀ ਚਤੁਰਾਈ ਪ੍ਰਗਟਾਂਦਿਆਂ ਆਖਿਆ।

"ਪਰ ਜੇ ਉਹ ਰਾਹ ਬੰਦ ਕਰਨਾ ਹੋਵੇ ਤਾਂ ?ਮਲਕ ਭਵਾਂ ਚੜ੍ਹਾ ਕੈਰੀ ਨਜ਼ਰੇ ਮਿਸਰ ਵਲ ਤਕਦਿਆਂ ਬੋਲਿਆ ।

ਮਿਸਰ ਨੂੰ ਕੁਝ ਸਮਝ ਨਹੀਂ ਆਈ । ਉਹ ਸੋਚੀਂ ਪੈ ਗਿਆ । ਉਹਨੂੰ ਕੁੱਝ ਸੁੱਝ ਨਹੀਂ ਸੀ ਰਿਹਾ ਕਿ ਉਹ ਜਵਾਬ ਵਿਚ ਕੀ ਆਖੇ ।

"ਮੈਂ ਕੀ ਪੁਛਿਆ ਏ ਮਿਸਰ ?

"ਮਲਕ ਦੀ ਗਰਜ ਵਰਗੀ ਆਵਾਜ਼ ਸੁਣ ਮਿਸਰ ਕੰਬ ਗਿਆ | ਝਟਪੱਟ ਹੱਥ ਜੋੜ ਬੜੀ ਨਿਮਰਤਾ ਨਾਲ ਬੋਲਿਆ: "ਮਹਾਰਾਜ, ਖਿਮਾ ਕਰਨਾ ਮੈਂ ਤੁਹਾਡਾ ਭਾਵ ਨਹੀਂ ਸਮਝਿਆ" ...ਕਿ ਜੇ ਉਹ ਰਾਹ ਬੰਦ ਕਰਨਾ ਹੋਵੇ ਤਾਂ... ਤੁਹਾਡਾ ਭਾਵ ਕਿਤੇ ਨਾਨਕ...

“ਹਾਂ ਹਾਂ,ਮੈਂ ਉਸ ਪਾਖੰਡੀ ਨੂੰ ਇਸ ਨਗਰ 'ਚੋਂ ਭਜਾ ਦੇਣਾ ਚਾਹੁਨਾਂ, ਉਸ ਮੇਰੀ ਹੱਤਕ ਕੀਤੀ ਏ ।

"ਤੁਹਾਡੀ ਹੱਤਕ ਹਜ਼ੂਰ ? ਉਹ ਕਿਵੇਂ ? ਹੈਰਤ ਨਾਲ ਮਲਕ ਦੇ ਸੁਰਖ ਚਿਹਰੇ ਵਲ ਤਕਦਿਆਂ ਮਿਸਰ ਨੇ ਪੁਛਿਆ ।

੧੨੪