ਪੰਨਾ:Hakk paraia.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਰੇ ਲਗੇ ਵਾਰੋਂ ਵਾਰੀ ਨਾਨਕ ਨੂੰ ਸਵਾਲ ਕਰਨ ।

“ਹੱਛਾ-ਫੇਰ ?"

"ਸਭ ਤੋਂ ਪਹਿਲਾਂ ਆਪਣੇ ਪਰੋਹਿਤ ਜੀ ਬੋਲੇ: ਤੂੰ ਕਿਹੋ ਜਿਹਾ ਸਾਧ ਏਂ, ਨਾ ਤੇਰੇ ਗੱਲ ਤੁਲਸੀ-ਮਾਲਾ ਏ, ਨ ਤੇਰੇ ਹਥ ਜਪਣੀ ਏ, ਨਾ ਤੇਰੇ ਕੋਲ ਸ਼ਾਲਗ੍ਰਾਮ ਏ । ਹਿੰਦੁਆਂ ਵਾਲੀ ਤੇਰੀ ਕੋਈ ਰਹੁ-ਰੀਤ ਨਹੀਂ, ਤੇ ਪਾਰ ਉਤਾਰਾ ਕਿਵੇਂ ਹੋਵੇਗਾ।" ਤਾਂ ਮੁਸਕਰਾ ਕੇ ਕਹਿਣ ਲਗਾ : "ਇਹ ਸਭ ਵਿਖਾਵੇ ਦੀਆਂ ਵਸਤਾਂ ਹਨ । ਸ਼ੁਭ ਕਰਮਾਂ ਦੀ ਬੇੜੀ ਹੀ ਮਨੁਖ ਦਾ ਪਾਰ ਉਤਾਰਾ ਕਰਦੀ ਏ ।" ਫੇਰ ਕਾਜ਼ੀ ਜੀ ਨੇ ਪੁਛਿਆ: ਹੇ ਨਾਨਕ, ਖੁਦਾ ਦੀ ਦਰਗਾਹ ਵਿਚ ਕੇਵਲ ਦੋ ਗੱਲਾਂ ਹੀ ਕਬੂਲ ਹੁੰਦੀਆਂ ਨੇ:- ਇਕ ਖੁਦਾ ਦੀ ਬੰਦਗੀ ਤੇ ਦੂਸਰਾ ਉਹਦਾ ਰਸੂਲ : ਹਜ਼ਰਤ ਮੁਹੰਮਦ ਤੇ ਈਮਾਨ । ਤੈਨੂੰ ਦੂਜੀ ਗੱਲ ਪ੍ਰਵਾਨ ਨਹੀਂ, ਨਾ ਤੂੰ ਕੁਰਾਨ ਦਾ ਹਾਫਿਜ਼ ਹੈ। ਤੈਨੂੰ ਸੁਆਬ ਨਹੀਂ ਮਿਲ ਸਕਦਾ ।" ਤਾਂ ਕਹਿਣ ਲਗਾ “ਮੈਂ ਨਿਤਨੇਮ ਨਾਲ ਸ਼ੁਭ ਕਰਮਾਂ ਦਾ ਕੁਰਾਨ ਪੜ੍ਹਦਾ ਹਾਂ, ਰੱਬ ਦੀ ਰਜਾ ਵਿਚ ਰਹਿੰਦਾ ਹਾਂ । ਉਸ ਇਕੋ ਅਕਾਲ ਪੁਰਖ ਨੂੰ ਮੰਨਦਾ ਹਾਂ ਜਿਹੜਾ ਆਦਿ ਜੁਗਾਦਿ ਤੋਂ ਸੱਚ ਹੈ ਤੇ ਰਹੇਗਾ ।" ਤੇ ਜਿਸ ਦਾ ਹੋਰ ਕੋਈ ਸ਼ਰੀਕ ਨਹੀ। ਕਾਜ਼ੀ ਨੂੰ ਕੋਈ ਜਵਾਬ ਨਾ ਔੜਿਆ ਉਹ ਚੁੱਪ ਹੋ ਗਿਆ ਪਰ ਸੱਯਦ ਇਕਬਾਲ ਖ਼ਾਨ ਬੋਲ ਪਿਆ : ਹੇ ਨਾਨਕ ਕੀ ਤੂੰ ਏਹ ਨਹੀਂ ਮੰਨਦਾ ਕਿ ਜਿਵੇਂ ਤੇਲ ਬਿਨਾਂ ਦੀਵਾ ਨਹੀਂ ਜਲਦਾ, ਤਿਵੇਂ ਹੀ ਪਾਕ-ਕੁਰਾਨ ਬਿਨਾਂ ਚਾਨਣ ਨਹੀਂ ਹੁੰਦਾ ।" ਨਾਨਕ ਨੇ ਕੁੱਝ ਦੇਰ ਲਈ ਮੌਨ ਧਾਰ ਲਈ। ਸਾਰਿਆਂ ਸਮਝਿਆ ਨਾਨਕ ਨਿਰ-ਉਤਰ ਹੋ ਗਿਆ ਹੈ । ਉਹ ਹਸ ਹਸ ਆਖਣ ਲਗ ਪਏ "ਹਣ ਜਵਾਬ ਦੇਹ ਨਾਨਕ, ਚੁਪ ਕਿਉਂ ਹੋ ਗਿਆ ।" ਨਾਨਕ ਮੁਸਕਰਕੇ ਬੋਲਿਆ : ਨਿਰਾ ਤੇਲ ਰੋਸ਼ਨੀ ਨਹੀਂ ਦੇਂਦਾ। ਤੇਲ ਵਿਚ ਪੈ ਬੱਤੀ ਆਪਾ ਬਾਲਕੇ ਰੌਸ਼ਨੀ ਕਰਦੀ ਏ । ਤੇਲ ਨਾਲੋਂ ਬੱਤੀ ਦਾ ਜ਼ਿਆਦਾ ਮਹਤ੍ਵ ਹੈ । ਆਤਮਾ-ਰੂਪੀ ਬੱਤੀ ਬਿਨਾ ਕੋਈ ਪੁਰਾਨ-ਕੁਰਾਨ ਮਨੁਖ ਨੂੰ ਚਾਨਣ ਨਹੀਂ ਬਖਸ਼ਦੇ ।" ਨਾਨਕ ਦੀ ਇਹ ਗੱਲ ਸੁਣਕੇ ਸ਼ੇਖ ਤੜਫ਼ ਉਠਿਆ, ਕਹਿਣ ਲਗਾ: ਨਾਨਕ ਤੂੰ ਕੁਫ਼ਰ ਦੀਆਂ ਗੱਲਾਂ ਕਰਦਾ ਏਂ । ਤੇਰਾ ਗੁਰੂ ਪੀਰ ਕੌਣ ਏ ? ਤੇਰੀ ਜ਼ਾਤ ਕੀ ਏ ?

"ਫੇਰ ਉਸਨੇ ਕੀ ਕਿਹਾ ?

੧੨੯