ਪੰਨਾ:Hakk paraia.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਇਕ ਗੱਲ ਸਾਫ਼ ਤੇ ਸਪਸ਼ਟ ਹੈ ਕਿ ਮੰਗ ਮੰਗ ਕੇ ਝੂਠੇ ਟੁੱਕਰ ਖਾਂਦਿਆਂ ਰੱਬ ਨਹੀਂ ਮਿਲਦਾ।"

ਸਾਰਿਆਂ ਦੇ ਮੂੰਹਾਂ ਨੂੰ ਜਿਵੇਂ ਤਾਲੇ ਵਜ ਗਏ । ਨਿੰਮੋਝੂਣੇ ਹੋ ਸਾਰੇ ਉਠ ਖਲੋਤੇ । ਜਦੋਂ ਉਹ ਤੁਰੇ ਤਾਂ ਨਾਨਕ ਕਾਜ਼ੀਆਂ ਬ੍ਰਾਹਮਣਾਂ ਨੂੰ ਗਾਲਾਂ ਕੱਢਣ ਲਗ ਪਿਆ ।

“ਗਾਲ੍ਹਾਂ ?

"ਹਾਂ ਮਹਾਰਾਜ ਕਹਿਣ ਲਗਾ :

ਕਾਦੀ ਕੂੜ ਬੋਲ ਮਲ ਖਾਇ ॥
ਬਾਹਮਣ ਨਾਵੈ ਜੀਆ ਘਾਇ ॥
ਜੋਗੀ ਜੁਗਤਿ ਨ ਜਾਣੈ ਅੰਧ ॥
ਤੀਨੇ ਉਜਾੜੇ ਕਾ ਬੰਧੁ ॥

ਸੁਣ ਕੇ ਸਾਰਿਆਂ ਨੂੰ ਬਹੁਤ ਗੁੱਸਾ ਚੜ੍ਹਿਆਂ, ਕਾਜ਼ੀ ਤਾਂ ਉਥੇ ਹੀ ਅੱਬਾ ਤੱਬਾ ਬੋਲਣ ਲਗ ਪਿਆ ।

“ਕੀ ਕਹਿੰਦਾ ਸੀ ?"

"ਕਹਿੰਦਾ ਸੀ, ਇਹ ਕਾਫ਼ਰ ਹੈ ਇਸਲਾਮ ਦੀ ਤੌਹੀਨ ਕਰਦਾ ਏ, ਮੈਂ ਇਹਦੇ ਵਿਰੁਧ ਜਹਾਦ ਦਾ ਝੰਡਾ ਗੱਡ ਦਿਆਂਗਾ । ਇਹਨੂੰ ਲੈਣੇ ਦੇ ਦੇਣੇ ਨ ਪੈ ਗਏ ਤਾਂ ਆਖਿਆ ਜੇ ।

"ਹੋਰ ਕੋਈ ਨਾ ਬੋਲਿਆ ?

"ਉਥੇ ਤੇ ਕੋਈ ਨਹੀਂ ਸੀ ਬੋਲਿਆ ਮਹਾਰਾਜ, ਪਰ ਕੁਝ ਉਰਾਂ ਆ ਉਹਨਾਂ ਸਾਰਿਆਂ ਏਹ ਪ੍ਰਣ ਕੀਤਾ ਕਿ ਕਿਵੇਂ ਨਾ ਕਿਵੇਂ ਉਹ ਨਾਨਕ ਨੂੰ ਇਸ ਸ਼ਹਿਰ 'ਚੋਂ ਕੱਢ ਦੇਣਗੇ ।"

“ਤਾਂ ਤੇ ਬਿਨਾ ਹੱਥ ਹਿਲਾਏ ਹੀ ਨਿਸ਼ਾਨਾ ਫੁੰਡਿਆ ਜਾਏਗਾ। ਤੂੰ ਕਲ ਕਿਸੇ ਵੇਲੇ ਉਹਨਾਂ ਸਾਰਿਆਂ ਨੂੰ ਮੇਰੇ ਕੋਲ ਲਿਆ । ਏਸ ਸ਼ੁਭ ਕੰਮ ਵਿਚ ਮੈਂ ਉਹਨਾਂ ਦਾ ਪੂਰਾ ਪੂਰਾ ਸਾਥ ਦਿਆਂਗਾ। ਸਮਝੇ, ਜਾਹ ਉਹਨਾਂ ਨੂੰ ਪੁਛ ਆ ਕਿ ਕਲ ਉਹ ਕਿਸ ਵੇਲੇ ਆਉਣਗੇ।

“ਜੋ ਹੁਕਮ ਮਹਾਰਾਜ । ਕਹਿ ਮਿਸਰ ਉਠ ਖਲੋਤਾ ਤੇ ਫੇਰ ਮਲਕ ਨੂੰ ਪ੍ਰਨਾਮ ਕਰ ਬਾਹਰ ਚਲਾ ਗਿਆ।

੧੩੧