ਪੰਨਾ:Hakk paraia.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਰਾ ਤੇ ਜਹਾਨ ਹੀ ਉਹਦੇ ਨਾਲ ਵਸਦਾ ਏ।

"ਤੂੰ ਕੌਣ ਹੁਨਾ ਏਂ ਮੈਨੂੰ ਰੋਕਣ ਵਾਲਾ। ਮੈਂ ਕੋਈ ਤੇਰਾ ਗੁਲਾਮ ਹਾਂ । ਜਾਂ ਮੈਂ ਤੇਰਾ ਕਰਜ਼ਾ ਦੇਣਾ, ਐਵੇਂ ਦਿਮਾਗ ਖਾਣ ਡਿਆ ਏ, ਜਾਹ ਦਫ਼ਾ ਹੋ।"

ਧੰਨੇ ਦੀ ਗ਼ੈਰਤ ਜਾਗ ਉਠੀ । ਆਪਣੇ ਮੈਲੇ ਜਿਹੇ ਝੱਗੇ ਦੀ ਕੰਨੀਂ ਨਾਲ ਉਸ ਆਪਣੀਆਂ ਅੱਖਾਂ ਨਾਲੋਂ ਹੰਝੂ ਝਾੜ ਸੁਟੇ। ਆਪਣੀਆਂ ਕੰਬਦੀਆਂ ਲੱਤਾਂ ਤੇ ਜ਼ੋਰ ਪਾ ਉਹਨਾਂ ਨੂੰ ਕੰਬਣੋਂ ਰੋਕਿਆ, ਤੇ ਮੁੱਠਾਂ ਮੀਟ, ਹਿੰਮਤ ਕਰਕੇ ਬੋਲਿਆ, "ਮੈਂ ਵੀ ਕੋਈ ਦਾਨ ਨਹੀਂ ਮੰਗਦਾ ਹਜ਼ੂਰ । ਤਿੰਨ ਸਾਲ ਹੋ ਗਏ ਨੇ ਤੁਹਾਡੇ ਕੋਲ ਕੰਮ ਕਰਦਿਆਂ, ਆਪਣੀ ਮੇਹਨਤ...।

“ਨੀਚ ਕਮੀਨੇ ਤੇਰੀ ਇਹ ਮਜਾਲ ।" ਮਲਕ ਨੂੰ ਸੱਤੀਂ ਕਪੜੀਂ ਅੱਗ ਲੱਗ ਗਈਂ । ਅੱਖਾਂ ਵਿਚ ਖੂਨ ਉਤਰ ਆਇਆ । ਗੁੱਸੇ ਨਾਲ ਕੰਬਦੀ ਅਵਾਜ਼ ਵਿਚ ਉੱਸ ਮਿਸਰ ਨੂੰ ਸੰਬੋਧਨ ਕਰਕੇ ਆਖਿਆ : ਇਸਨੂੰ ਧੱਕੇ ਮਾਰ ਕੇ ਬਾਹਰ ਕੱਢ ਦੇ ਮਿਸਰ ।

ਖ਼ਬਰਦਾਰ ਜੇ ਕੋਈ ਅੱਗੇ ਵਧਿਆ ਤਾਂ, ਮੈਂ ਖੁੱਦ ਹੀ ਚਲਾ ਜਾਵਾਂਗਾ । ਪਰ ਮਲਕ ਨੂੰ ਯਾਦ ਰਖੀਂ ਇਕ ਨ ਇਕ ਦਿਨ ਦੱਖੀ ਗਰੀਬਾਂ ਦੀਆਂ ਆਹੀਂ ਤੈਨੂੰ ਲੈ ਡੁਬਣਗੀਆਂ ।"

"ਬਕਵਾਸ ਬੰਦ ਕਰ ਨਹੀਂ ਤੇ......

"ਜਿਹਦੇ ਕਾਲਜੇ ਨੂੰ ਹੱਥ ਪਾਈਏ ਉਹ ਅਸੀਸਾਂ ਨਹੀਂ ਦੇਂਦਾ । ਪਰ ...ਮਲਕ ਤੂੰ ਕੀ ਜਾਣੇ ਪੁਤਰਾਂ ਨੂੰ ਕਿਵੇਂ ਭੱਠ ਵਿਚ ਪਾਈਦਾ ਏ।"

"ਜ਼ਬਾਨ ਬੰਦ ਕਰ ਕੁੱਤੇ, ਨਹੀਂ ਤੇ ਜੀਭ ਖਿਚ ਲਵਾਂਗਾ ਈ । ਮਿਸਰ ਇਸ ਨੂੰ ਪਕੜ ਕੇ ਲੈ ਜਾਹ ਤੇ ਉੱਨੀ ਦੇਰ ਕੋਰੜੇ ਮਰਵਾਓ ਜਿੰਨੀ ਦੇਰ ਇਹਦਾ ਦਿਮਾਗ ਟਿਕਾਣੇ ਨਹੀਂ ਆ ਜਾਂਦਾ, ਨੀਚ ਕਮੀਨਾ ਮੇਰੇ ਅੱਗੇ ਬੋਲਦਾ ਏ"। ਕਹਿ ਮਲਕ ਵਿਹੜੇ ਵਲ ਖੁਲ੍ਹਦੇ ਦਰਵਾਜ਼ੇ ਬਾਣੀ ਬਾਹਰ ਨਿਕਲ ਗਿਆ।

੧੪