ਪੰਨਾ:Hakk paraia.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧੰਨ ਹੋ ਰਹੀ ਸੀ, ਪੁਜਾਰੀਆਂ ਨੂੰ ਮੂੰਹ ਮੰਗੀ ਦਛਣਾ ਦਿਤੀ ਗਈ ਸੀ । ਜੋ ਵੀ ਕਿਸੇ ਨੇ ਸਵਾਲ ਪਾਇਆ ਮਲਕ ਨੇ ਨਾਂਹ ਨਹੀਂ ਕੀਤੀ । ਦਿਲ ਖੋਲ੍ਹ ਸਾਧ ਫ਼ਕੀਰਾਂ ਨੂੰ ਦਾਨ ਦਿਤਾ । ਤੇ ਰੱਜ ਰਚਕੇ ਅਸੀਸਾਂ ਲਈਆਂ । ਮਲਕ ਅਜ ਬਹੁਤ ਖੁਸ਼ ਸੀ ਉਹ ਜਾਮੇ ਵਿਚ ਨਹੀਂ ਸੀ ਸਮਾ ਰਿਹਾ ।

ਜਦ ਸਾਰੇ ਪਕਵਾਨ ਤਿਆਰ ਹੋ ਗਏ, ਪਰੋਹਿਤ ਜੀ ਨੇ ਅਰਦਾਸ ਕਰ ਪ੍ਰਭੂ ਨੂੰ ਭੋਗ ਲਵਾਇਆ, ਤੇ ਲੰਗਰ ਵਰਤਣਾ ਸ਼ੁਰੂ ਹੋ ਗਿਆ । ਇਕ ਪੰਕਤ, ਦੂਜੀ ਪੰਕਤ, ਤੀਜੀ ਪੰਕਤ ਤੇ ਦੁਪਹਿਰ ਤੋਂ ਪਹਿਲਾਂ ਕਈ ਹਜ਼ਾਰ ਬੰਦੇ ਮਲਕ ਦੇ ਭੰਡਾਰੇ 'ਚੋਂ ਭੋਜਨ ਛਕ ਚੁਕੇ ਸਨ । ਅਜੇ ਮਲਕ ਦੇ ਘਰ ਸਾਰਾ ਸ਼ਹਿਰ ਢੁਕਿਆ ਹੋਇਆ ਸੀ, ਪਰ ਉਹ ਨਹੀਂ ਸੀ ਆਇਆ ਜਿਸ ਨੂੰ ਮੁਲਕ ਸਾਹਿਬ ਨੇ ਖਾਸ ਨਿਉਂਦਾ ਭੇਜਿਆ ਸੀ ।

ਸਾਰੇ ਬ੍ਰਾਹਮਣ ਉਸ ਦੀ ਗ਼ੈਰ ਹਾਜ਼ਰੀ ਤੇ ਖਿਝ ਰਹੇ ਸਨ, ਪਰ ਉਹ ਮਨ ਹੀ ਮਨ ਵਿਚ ਬੜੇ ਖੁਸ਼ ਸਨ । ਉਹ ਸੋਚਦੇ “ਨਾਨਕ ਉਹਨਾਂ ਤੋਂ ਡਰਦਾ ਹੀ ਨਹੀਂ ਆਇਆ। ਪਰ ਚਰਨ ਦਾਸ ਦੀ ਹਾਲਤ ਉਹਨਾਂ ਸਾਰਿਆਂ ਨਾਲੋਂ ਵਖਰੀ ਸੀ । ਨਾਨਕ ਦੀ ਗ਼ੈਰ ਹਾਜ਼ਰੀ ਉਸ ਨੂੰ ਆਪਣੀ ਹਾਰ ਜਾਪ ਰਹੀ ਸੀ । ਪਿਛਲੇ ਦੋ ਦਿਨ ਤੇ ਦੋ ਰਾਤਾਂ ਉਹ ਇਕ ਪਲ ਵੀ ਨਹੀਂ ਸੀ ਸੁਤਾ । ਨਿਰੰਤਰ ਵੇਦਾਂ ਪੁਰਾਣਾਂ ਦਾ ਪਾਠ ਕਰਦਾ ਰਿਹਾ ਸੀ । ਆਪਣੀ ਵਿਦਵਤਾ ਨੂੰ ਪ੍ਰਗਟਾਣ ਦਾ ਉਸ ਨੂੰ ਇਹ ਸੁਨਹਿਰੀ ਮੌਕਾ ਜਾਪਦਾ ਸੀ । ਉਹ ਸੋਚਦਾ ਅਗਰ ਉਹ ਨਾਨਕ ਨੂੰ ਆਪਣੀ ਈਨ ਮੰਨਾਣ ਵਿਚ ਸਫਲ ਹੋ ਗਿਆ ਤਾਂ ਸਾਰੇ ਉਤਰੀ ਭਾਰਤ ਵਿਚ ਉਹਦੀ ਹੀ ਮਹਿਮਾ ਹੋਵੇਗੀ । ਤੇ ਮਲਕ ਕੋਲੋਂ ਮੂੰਹ ਮੰਗਿਆ ਧਨ ਵੀ ਉਹਨੂੰ ਮਿਲੇਗਾ । ਪਰ ਮੁਕਾਬਲੇ ਦੇ ਵੇਲੇ ਵਿਰੋਧੀ ਧਿਰ ਦਾ ਨਾ ਹੋਣਾ, ਉਹਦੀਆਂ ਸਾਰੀਆਂ ਆਸਾਂ ਤੇ ਪਾਣੀ ਫੇਰ ਰਿਹਾ ਸੀ । ਉਹ ਖਿਝਿਆ ਹੋਇਆ ਏਧਰ ਉਧਰ ਫਿਰ ਰਿਹਾ ਸੀ । ਕਈ ਵਾਰ ਤਾਂ ਉਹਦੇ ਕਦਮ ਬੜੇ ਤੇਜ਼ ਹੋ ਜਾਂਦੇ । ਤੇ ਤੇਜ਼ ਚਲਣ ਨਾਲ ਉਹਦੇ ਵਡੇ ਢਿੱਡ ਤੇ ਬੱਝੀ ਧੋਤੀ ਪਲ ਭਰ ਪਿਛੋਂ ਢਿੱਲੀ ਹੋ ਜਾਂਦੀ ।ਉਹ ਰੁਕਕੇ ਪੂਰੇ ਜ਼ੋਰ ਨਾਲ ਧੋਤੀ ਦਾ ਲੜ ਕੱਸਕੇ ਬੰਨ੍ਹਦਾ ਪਰ ਉਹ ਫ਼ੇਰ ਢਿੱਲਾ ਹੋ ਜਾਂਦਾ। ਉਹ ਗੁੱਸੇ ਨਾਲ ਸਿਰ ਝਟਕਦਾ | ਤੇ ਉਹਦੇ ਸਿਰ ਤੇ ਪਲੀ ਜਿਹੀ ਬੱਝੀ ਸੱਤ ਗਜ਼ੀ ਬਸੰਤੀ ਪੱਗੜੀ ਹਿਲ ਜਾਂਦੀ ਤੇ ਮਥੇ ਤੇ ਲਗੇ ਕੇਸਰ ਦੇ ਟਿਕੇ ਨੂੰ ਜਾ ਛੂੰਹਦੀ। ਪੱਗ ਦੀ

੧੪੧