ਪੰਨਾ:Hakk paraia.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਅਸਲ ਬਾਤ ਕੀ ਏ ? ਪਰੋਹਿਤ ਜੀ ।"

"ਜਜਮਾਨ ਵੋਹ ਹਮਾਰੀ ਪੂਜਾ ਮੇਂ ਵਿਘਨ ਡਾਲਨਾ ਚਾਹਤਾ ਹੈ । ਬ੍ਰਹਮਭੋਜ ਮੇਂ ਚਾਰੋਂ ਵਰਨੋਂ ਕੇ ਫ਼ਕੀਰੋਂ ਕਾ ਸ਼ਾਮਲ ਹੋਨਾ ਅਨਿਵਾਰਯ ਹੈ । ਵਹ ਜਾਨ ਬੂਝ ਕਰ ਨਹੀਂ ਆ ਰਹਾ ਤਾ ਕਿ ਹਮਾਰੀ ਪੂਜਾ ਨਿਰਵਿਘਨ ਸੰਪੰਨ ਨ ਹੋ ਜਾਏ । ਪਰੋਹਿਤ ਜੀ ਨੇ ਨਾਨਕ ਤੋਂ ਬਦਲਾ ਲੈਣ ਦਾ ਇਹ ਸੁਨਹਿਰੀ ਮੌਕਾ ਤਾੜਦਿਆਂ ਆਖਿਆ।

"ਉਸ ਦੀ ਇਹ ਮਜ਼ਾਲ ? ਮਲਕ ਕਹਿਰ ਵਿਚ ਆ ਗਿਆ । “ਜੇ ਉਹ ਬੰਦਿਆਂ ਵਾਕੁਰ ਨਹੀਂ ਆਉਂਦਾ

ਤਾਂ ਕਮਬਖ਼ਤ ਨੂੰ ਪਕੜ ਕੇ ਲੈ ਆਉ ।" ਮਲਕ ਦੀ ਗਰਜ ਨਾਲ ਸਾਰਾ ਪੰਡਾਲ ਗੂੰਜ ਉਠਿਆ।

ਕੁੱਝ ਦੇਰ ਬਾਅਦ ਹੀ ਚਾਰ ਸਿਪਾਹੀ ਨਾਨਕ ਨੂੰ ਫੜ ਕੇ ਲੈ ਆਏ ।

ਨਾਨਕ ਨੂੰ ਸਾਹਮਣੇ ਵੇਖ ਮਲਕ ਦਾ ਗੁੱਸਾ ਵਲੋਂ ਬਾਹਰਾ ਹੋ ਗਿਆ । ਉਹ ਕੜਕ ਕੇ ਬੋਲਿਆ 'ਨਾਨਕ ਤੂੰ ਫ਼ਕੀਰ ਹੋ ਕੇ ਏਹ ਕਰਮ ਕਰਦਾ ਏਂ, ਸਾਡੀ ਪੂਜਾ ਵਿਚ ਵਿਘਨ ਪਾਣਾ ਚਾਹੁੰਨਾ ਏਂ, ਬੋਲ ਤੈਨੂੰ ਕੀ ਸਜ਼ਾ ਦਿੱਤੀ ਜਾਏ।

ਹੁਣ ਤਕ ਸਾਰੇ ਵਿਦਵਾਨ ਬ੍ਰਾਹਮਣ ਤੇ ਸਾਧ ਫ਼ਕੀਰ ਉਸ ਦੇ ਦੁਆਲੇ ਆ ਖਲੋਤੇ ਸਨ । ਨਾਨਕ ਮਲਕ ਦੀ ਕੜਕਵੀ। ਅਵਾਜ਼ ਸੁਣਕੇ ਡਰਿਆ ਨਹੀਂ। ਉਹ ਚੁਪਚਾਪ ਖਲੋਤਾ ਰਿਹਾ।

ਮਲਕ ਫੇਰ ਗਰਜਿਆ ‘‘ਹੁਣ ਤੈਨੂੰ ਸਕਤਾ ਮਾਰ ਗਿਆ ਏ, ਬੋਲਦਾ ਕਿਉਂ ਨਹੀਂ ?

ਨਾਨਕ ਨੇ ਨਜ਼ਰ ਭਰ ਮਲਕ ਦੇ ਚਿਹਰੇ ਵਲ ਤਕਿਆ। ਉਹ ਗੁੱਸੇ, ਨਾਲ ਭੱਖ ਰਿਹਾ ਸੀ । ਫਕੀਰ ਮੁਸਕਰਾ ਪਿਆ ਤੇ ਬੇਪ੍ਰਵਾਹੀ ਨਾਲ ਬੋਲਿਆ : “ਵਿਘਨ ਨੇਕ ਕੰਮਾਂ ਵਿਚ ਪੈਂਦਾ ਏ, ਮਲਕ । ਤੂੰ ਕਿਹੜਾ ਨੇਕ ਕੰਮ ਕਰ ਰਿਹਾ ਏ ।"

“ਨੀਚਾਂ ਦੇ ਘਰ ਦਾ ਖਾ ਖਾ ਤੇਰਾ ਦਿਮਾਗ ਵਿਗੜ ਗਿਆ ਜਾਪਦਾ, ਇਹ ਪੂਜਾ, ਇਹ ਬ੍ਰਹਮਭੋਜ ਤੈਨੂੰ ਨੇਕ ਕੰਮ ਨਹੀਂ ਦਿਸਦੇ ?" ਮਲਕ ਗੁੱਸੇ ਨਾਲ ਕੰਬਣ ਲਗ ਪਿਆ । ਫ਼ਕੀਰ ਦੀ ਨਿਰਭੈਤਾ ਨੇ ਹੋਰ ਸਾਰਿਆਂ ਦੇ ਮੂੰਹ ਨੂੰ ਤਾਲੇ ਲਾ ਦਿੱਤੇ ਸਨ ।

੧੪੩