ਪੰਨਾ:Hakk paraia.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਗਰੀਬਾਂ ਮਜ਼ਲੂਮਾਂ ਦੇ ਖੂਨ ਨਾਲ ਤਿਆਰ ਕੀਤਾ ਬ੍ਰਹਮਭੋਜ ਪਵਿਤਰ ਨਹੀਂ ਹੁੰਦਾ ਮਲਕ । ਦਾਨ ਮਨੁਖ ਆਪਣੀ ਕਮਾਈ ਦਾ ਕਰ ਸਕਦਾ ਏ, ਬੇਵੱਸ ਤੇ ਮਜ਼ਲੂਮ ਲੋਕਾਂ ਦੇ ਮੂੰਹੋਂ ਟੁਕਰ ਖੋਹ ਕੇ ਦਾਨ ਨਹੀਂ ਕੀਤਾ ਜਾ ਸਕਦਾ । ਇਹ ਪਾਪ ਏ।"

'ਤੇ ਤੂੰ ਤਾਂ ਹੀ ਮੇਰਾ ਭੋਜਨ ਖਾਣ ਤੋਂ ਇਨਕਾਰੀ ਕੀਤੀ ਏ ?

"ਹਾਂ ਮਲਕ, ਕਿਉਂਕਿ ਤੇਰਾ ਭੋਜਨ ਪਚਾ ਲੈਣ ਦੀ ਮੇਰੇ ਵਿਚ ਤਾਕਤ ਨਹੀਂ।

"ਕਿਉਂ ? ਮੇਰੇ ਭੋਜਨ ਵਿਚ ਅਜਿਹਾ ਕੀ ਏ ਜੋ ਤੈਨੂੰ ਹਜ਼ਮ ਨਹੀਂ ਹੋ ਸਕਦਾ ? ਨੀਚਾਂ ਦੀਆਂ ਮਿਸੀਆਂ ਸੁਕੀਆਂ ਰੋਟੀਆਂ ਤਾਂ ਤੈਨੂੰ ਪੱਚ ਸਕਦੀਆਂ ਨੇ ਪਰ ਏਹ ਸੁਧਾਮਈ ਤੇ ਵਡਮੁਲੇ ਪਕਵਾਨ ਤੈਨੂੰ ਹਜ਼ਮ ਨਹੀਂ ਹੁੰਦੇ ?

“ਕਿਉਂਕਿ ਇਹਨਾਂ ਵਿਚ ਮਜ਼ਲੂਮਾਂ ਦਾ ਖੂਨ ਏ !

"ਖੂਨ, ਫ਼ਕੀਰ ਹੋ ਕੀ ਕੁਫਰ ਤੋਲ ਰਿਹਾ ਏਂ ? ਮਲਕ ਭੜਕ ਉਠਿਆ।

"ਨਾਨਕ, ਤੁਮ ਫ਼ਕੀਰ ਨਹੀਂ ਦੁਸ਼ਟ ਹੋ, ਬ੍ਰਹਮ ਭੋਜ ਕੋ ਅਪਵਿਤਰ ਕਹਿ ਕਰ ਤੁਮ ਦੇਵਤੋਂ ਕਾ ਅਪਮਾਨ ਕਰ ਰਹੇ ਹੋ। ਤੁਮਾਰੀ ਜ਼ੁਬਾਨ ਮੇਂ ਕੀੜੇ ਪੜੇਗੇ ।” ਸਾਰੇ ਬਾਹਮਣ ਕਚੀਚੀਆਂ ਵੱਟਣ ਲਗ ਪਏ ਸਨ ।

ਨਾਨਕ ਫ਼ਕੀਰ ਨੇ ਜਿਵੇਂ ਉਹਨਾਂ ਦੀ ਗੱਲ ਸੁਣੀ ਹੀ ਨਹੀਂ, ਉਵੇਂ ਹੀ ਸਹਿਜ ਸੁਭਾ ਬੋਲਿਆ :

"ਮੈਂ ਸਚ ਕਹਿ ਰਿਹਾ ਹਾਂ ਮਲਕ, ਤੇਰੇ ਏਸ ਭੋਜਨ ਵਿਚ ਉਹਨਾਂ ਮਜ਼ਲੂਮਾਂ ਦਾ ਖ਼ੂਨ ਏ, ਜੋ ਸਾਰਾ ਸਾਲ ਮਿੱਟੀ ਨਾਲ ਮਿੱਟੀ ਹੋ ਅੰਨ ਉਗਾਂਦੇ ਨੇ ਫ਼ੇਰ ਵੀ ਉਹ ਅੰਨ ਉਹਨਾਂ ਦੇ ਨਸੀਬ ਨਹੀਂ ਹੁੰਦਾ। ਜਬਰੀ ਤੇਰ ਭੰਡਾਰਿਆਂ ਵਿਚ ਲਿਆਂਦਾ ਜਾਂਦਾ ਏ । ਪਰ ਉਹਨਾਂ ਜਿਨ੍ਹਾਂ ਨੂੰ ਤੁਸੀਂ ਨੀਚ ਆਖਦੇ ਹੋ ਉਹਨਾਂ ਦਾ ਭੋਜਨ ਦੁਧ ਵਰਗੀ ਸੁੱਚਾ ਹੁੰਦਾ ਏ । ਕਿਉਂਕਿ ਉਹਦੇ ਵਿਚ ਉਹਨਾਂ ਦੀ ਸੂਚੀ ਕਿਰਤ ਦੀ ਮਹਿਕ ਹੁੰਦੀ ਏ ।

"ਮੂੰਹ ਸੰਭਾਲ ਕੇ ਗੱਲ ਕਰ, ਨਾਨਕ ! ਤੈਨੂੰ ਏਸ ਗੱਲ ਦਾ ਸਬੂਤ ਦੇਣਾ ਪਵੇਗਾ ਕਿ ਮੇਰੇ ਭੋਜਨ ਵਿਚ ਲਹੁ ਏ ਤੇ ਉਹਨਾਂ ਨੀਚਾਂ ਦੀ ਰੋਟੀ ਸੁੱਚੇ ਦੁਧ ਦੀ ਏ, ਨਹੀਂ ਤੇ ਮੈਂ ਤੇਰਾ ਸਿਰ ਕਲਮ ਕਰ ਦਿਆਂਗਾ।"

੧੪੪