ਪੰਨਾ:Hakk paraia.pdf/147

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੋ ਰਤੁ ਲਗੈ ਕਪੜੇ ਜਾਮਾ ਹੋਇ ਪਲੀਤ ।
ਜੋ ਰਤੁ ਪੀਵਹ ਮਾਣਸਾ ਤਿਨ ਕਿਉ ਨਿਰਮਲ ਚੀਤ

ਲੋਕਾਂ ਦੇ ਵਧੇ ਹੋਏ ਹਥ ਜਿਥੇ ਸਨ ਉਥੇ ਹੀ ਰੁਕ ਗਏ । ਏਹ ਵੇਖ ਮਲਕ ਗੁੱਸੇ ਨਾਲ ਲਾਲ-ਪੀਲਾ ਹੋ ਗਿਆ। ਉਹਦੀਆਂ ਅੱਖਾਂ ਵਿਚ ਲਹੂ ਉਤਰ ਆਇਆ ।

“ਜੋ ਸਚ ਤੇਰੇ ਕੋਲੋਂ ਸਹਾਰਿਆ ਨਹੀਂ ਜਾਂਦਾ ਮਲਕ, ਉਹ ਇਹਨਾਂ ਮਜ਼ਲੂਮਾਂ ਨੇ ਜਰਿਆ ਹੋਇਐ ! ਇਹਨਾਂ ਮਜ਼ਲੂਮਾਂ ਦੇ ਖ਼ੂਨ ਨਾਲ ਤੂੰ ਦੇਵਤਿਆਂ ਨੂੰ ਖੁਸ਼ ਕਰਨਾ ਚਾਹੁੰਨਾ ਏ ?

“ਫ਼ਕੀਰ......ਮਲਕ ਫੇਰ ਗਰਜਿਆ ਪਰ ਇਸ ਤੋਂ ਅਗੇ ਉਹ ਕੁੱਝ ਨਹੀਂ ਬੋਲ ਸਕਿਆ । ਗੁੱਸੇ ਨਾਲ ਉਹਦੇ ਮੂੰਹੋਂ ਗੱਲ ਨਹੀਂ ਸੀ ਨਿਕਲ ਰਹੀ। "

ਧੰਨਾ 'ਖ਼ੂਨ ਖ਼ੂਨ ’ ਕਰਦਾ ਏਧਰ ਉਧਰ ਭੱਜ ਰਿਹਾ ਸੀ, ਤੇ ਮਲਕ ਦੇ ਕੁੱਝ ਸੇਵਕ ਉਸ ਨੂੰ ਫੜਨ ਦਾ ਯਤਨ ਕਰ ਰਹੇ ਸਨ ਕਿ ਸਾਰੇ ਪੰਡਾਲ ਵਿਚ ਫ਼ਕੀਰ ਦੀ ਅਵਾਜ਼ ਗੂੰਜ ਉਠੀ :

"ਹਕੁ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ ।
ਗੁਰੁ ਪੀਰੁ ਹਾਮਾ ਤਾਂ ਭਰੈ ਜਾ ਮੁਰਦਾਰ ਨਾ ਖਾਏ ।"

ਅਜੇ ਫਕੀਰ ਨੇ ਗਾਉਣਾ ਬੰਦ ਨਹੀਂ ਸੀ ਕੀਤਾ ਕਿ ਖ਼ੂਨ ਖ਼ੂਨ ਕਰਦਾ ਮਲਕ ਗਸ਼ ਖਾ ਕੇ ਧਰਤੀ ਤੇ ਢਹਿ ਪਿਆ ।

੧੪੭