ਪੰਨਾ:Hakk paraia.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁਣ ਤਕ ਧੰਨਾ ਕਾਫ਼ੀ ਸੰਭਲ ਚੁਕਾ ਸੀ । ਨਾਈ ਦੇ ਕੋਲ ਬੈਠਦਿਆਂ ਉਸ ਆਖਿਆ, “ਚਾਚਾ ਤੂੰ ਚਲ, ਸਾਡਾ ਚੌਧਰੀ ਜ਼ਰਾ ਬਾਹਰ ਗਿਆ ਏ, ਹੁਣੇ ਔਂਦਾ ਏ ਤਾਂ ਮੈਂ ਕੁੱਝ ਪੈਸੇ ਲੈ ਕੇ ਆਵਾਂਗਾ,ਨਾਲੇ ਥਾਂ ਕਿਸੇ ਸਿਆਣੇ ਹਕੀਮ ਨੂੰ ਵੀ ਨਾਲ ਲਈ ਆਵਾਂਗਾ।”

ਪੁੱਤਰਾਂ ਮੇਰੇ ਨਾਲ ਹੀ ਚਲਾ ਚਲ, ਮੇਰੇ ਕੋਲ ਘੋੜੀ ਏ, ਝੱਬਦੇ ਪਹੁੰਚ ਜਾਵਾਂਗੇ, ਵੈਦ ਹਕੀਮ ਨੂੰ ਹੁਣੇ ਹੀ ਲੈ ਚਲਦੇ ਹਾਂ । ਕੱਲਾ ਕਾਹਦੇ ਤੇ ਆਵੇਗਾ ।"

"ਪਰ ਚਾਚਾ ਪੈਸੇ ਵੀ ਤੇ ਚਾਹੀਦੇ ਨੇ ਨਾ । ਤੂੰ ਚਲ ਮੈਂ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਪਿੰਡ ਪਹੁੰਚ ਜਾਵਾਂਗਾ। ਲੰਬੜ ਦੇ ਔਣ ਦੀ ਦੇਰ ਏ । ਕਹਿ ਧੰਨਾ ਉਠ ਖਲੋਤਾ।

ਨਾਈ ਨੇ ਵੀ ਹੱਠ ਕਰਨਾ ਉਚਿਤ ਨਹੀਂ ਸਮਝਿਆ । ਉਸਨੂੰ ਛੇਤੀ ਪੁਜਣ ਦੀ ਪੱਕੀ ਕਰਦਾ ਉਹ ਵੀ ਉਠ ਤੁਰਿਆ ।

ਬਾਗ ਦੇ ਬਾਹਰਲੇ ਦੁਆਰ ਤਕ ਧੰਨਾ ਉਸਨੂੰ ਛੱਡਣ ਆਇਆ, ਨਾਈ ਚਲਾ ਗਿਆ । ਨਾਈ ਨੂੰ ਵਿਦਿਆ ਕਰਕੇ ਪਰਤਦੇ ਸਮੇਂ ਉਸ ਦਾ ਮਨ ਬਹੁਤ ਬੁਰੀ ਤਰ੍ਹਾਂ ਉਲਝਿਆ ਹੋਇਆ ਸੀ। ਉਹ ਸੋਚ ਰਿਹਾ ਸੀ, ਹੁਣ ਕੀ ਕਰਾਂ, ਕਿਵੇਂ ਜਾਵਾਂ ? ਲੰਬੜ ਤੇ ਨਾਂਹ ਕਰ ਦਿਤੀ ਏ । ਚੌਧਰੀ ਨੂੰ ਪੁਛ ਵੇਖਾਂ......ਪਰ ਉਹ ਤੇ ਲੰਬੜ, ਤੋਂ ਵੀ ਭੈੜਾ ਏ ।... ਚੋਰੀ ਨੱਠ ਜਾਵਾਂ...ਪਰ ਜੇ ਫੜਿਆ ਗਿਆ ਤਾਂ...ਫੇਰ ? ਸਿਧਾ ਮੁਲਕ ਕੋਲ ਚਲਾ ਜਾਵਾਂ । ਉਹ ਵਡੇ ਬੰਦੇ ਨੇ ਸ਼ਾਇਦ ਮੰਨ ਜਾਣ। ਪਰ ਜੇ ਉਹਨਾਂ ਵੀ ਨਾਂਹ ਕਰ ਦਿਤੀ, ਫੇਰ ?...ਜਾਣਾ ਤੇ ਮੈਂ ਜ਼ਰੂਰ ਏ ਭਾਵੇਂ ਕੁਝ ਹੋਵੇ ...ਜੇ ਮੁੰਡੇ ਨੂੰ ਕੁੱਝ ਹੋ ...... ਇਸ ਤੋਂ ਅੱਗੇ ਧੰਨੇ ਤੋਂ ਸੋਚ ਨਹੀਂ ਹੋਇਆ ਤੇ ਉਹ ਵਾਹੋਦਾਹੀ ਮਲਕ ਦੀ ਹਵੇਲੀ ਵਲ ਨਠ ਤੁਰਿਆ ।

ਸੂਰਜ ਡੁੱਬ ਚੁਕਾ ਸੀ, ਹਨੇਰਾ ਪਲੋਪਲੀ ਪਸਰਦਾ ਜਾ ਰਿਹਾ ਸੀ ਜਦੋਂ ਉਹ ਮੁਲਕ ਦੀ ਹਵੇਲੀ ਪੁਜਾ | ਅਰਦਲੀ ਦੀ ਮਿੰਨਤ-ਖੁਸ਼ਾਮਦ ਕਰਕੇ ਉਹ ਅੰਦਰ ਲੰਘ ਗਿਆ । ਪਰ ਦਰਵਾਜ਼ਾ ਲੰਘਦਿਆਂ ਹੀ ਉਹ ਮਿਸਰ ਦੀ ਨਜ਼ਰੀ ਪੈ ਗਿਆ ।

“ਕੀ ਗੱਲ ਏ ਉਏ ? ਧੰਨੇ ਨੂੰ ਕੋਲ ਸੱਦ ਕੇ ਮਿਸਰ ਨੇ ਬੜੇ ਰੋਹਬ .. ਨਾਲੇ ਪੁਛਿਆ ।

੧੮