ਪੰਨਾ:Hakk paraia.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾੜ ਕਰਦਾ ਕੋਰੜਾ ਉਹਦੀ ਪਿੱਠ ਤੇ ਪਿਆਂ । “ਹਾ...ਏ...ਏ । ਚੀਸ ਉਹ ਨੇ ਸੰਘ ਵਿਚ ਹੀ ਘੱਟੀ ਗਈ, ਤਾੜ, ਕਰਦਾ ਇਕ ਹੋਰ ਕੋਰੜਾ ਪਹਿਲੇ ਵਾਲੀ ਥਾਂ ਹੀ ਆ ਵਜਾ। ਪੀੜ੍ਹ ਨਾਲ ਉਹ ਤੜਪ ਉਠਿਆ। ਕਾਹਲੀ ਨਾਲ ਉਸ ਆਪਣੇ ਦੋਵਾਂ ਹੱਥਾਂ ਨਾਲ ਕੰਡ ਨੂੰ ਢਕਣ ਦਾ ਯਤਨ ਕੀਤਾ। ਤੇ ਐਨੇ ਨੂੰ ਤਾੜ ਕਰਦਾ ਇਕ ਕੋਰੜਾ ਉਹਦੀ ਛਾਤੀ ਤੇ ਆ ਵੱਜਾ, ਉਹ ਲੋਟਣੀ ਖਾ ਕੇ ਡਿੱਗ ਪਿਆ।

ਤੇ ਫੇਰ ਚਹੁੰ ਪਾਸਿਉਂ ਤਾੜ ਤਾੜ ਹੋਣ ਲਗ ਪਈ । ਜਿਥੇ ਜਿਥੇ ਕੋਰੜਾ ਪੈਂਦਾ ਉਥੇ ਉਥੇ ਅੱਗ ਬਲ ਉਠਦੀ, ਉਹ ਅੱਖਾਂ ਮੀਟ ‘ਰਾਮ, ਰਾਮ ਕਰਨ ਲੱਗਾ, ਪਰ ਕਿੰਨੀ ਦੇਰ ! ਪਿੰਡੇ ਵਿਚ ਪੈਂਦੀਆਂ ਚੀਜਾਂ ਤੇ ਤ੍ਰਾਟਾਂ ਦੀ ਪੀੜ੍ਹ ਉਸਨੂੰ ਬੇਸੁੱਧੀ ਕਰੀ ਜਾ ਰਹੀ ਸੀ। ਉਹ 'ਰਾਮ ਰਾਮ' ਭੁਲ ਗਿਆ ਤੇ ਬੇਸੁਧੀ ਵਿਚ ਉਹ ਜੰਮਣ ਵਾਲੀ ਮਾਂ ਨੂੰ ਪੁਕਾਰਣ ਲਗਾ ਤੇ ਫੇਰ ਉਸ ਨੂੰ ਕੁੱਝ ਪਤਾ ਨਹੀਂ।

ਪਰ ਮੈਂ ਇਥੇ ਕਿਵੇਂ ਆ ਗਿਆ ? ਉਸਨੂੰ ਏਸ ਗੱਲ ਦੀ ਸਮਝ ਨਹੀਂ ਸੀ ਆ ਰਹੀ । ਪਰ ਝਟ ਹੀ ਉਸਦੇ ਮਨ ਨੇ ਇਸ ਉਲਝਣ ਦਾ ਹਲ ਲੱਭ ਲਿਆ । ਆਪਣੇ ਵਲੋਂ ਤੇ ਮਾਰਕੇ ਸੁੱਟ ਗਏ ਹੋਣਗੇ, ਜ਼ਾਲਮ ਡਰਦੇ ਹੋਣਗੇ ਕਿ ਸਾਡੇ ਮੱਥੇ ਖੂਨ ਲੱਗੇਗਾ | ਪਰ ਰਖਣ ਵਾਲਾ ਬੜਾ ਡਾਢਾ ਏ, ਏਨੀ ਹੋਣ ਤੇ ਵੀ ਰਖ ਲਿਆ ਸੁ । ਪਰ ਦੂਜੇ ਹੀ ਪਲ ਉਹਦਾ ਮਨ ਰੱਬ ਵਿਰੁਧ ਰੋਸ ਨਾਲ ਭਰ ਗਿਆ : ਵਡਾ ਕਰਮ ਕੀਤਾ ਸੁ ਜਾਨ ਬਚਾਕੇ ! ਏਦੂੰ ਤੇ ਜਾਨ ਲੈ ਲੈਂਦਾ ਤਾਂ ਚੰਗਾ ਸੀ ਇਹਨਾਂ ਕਸਾਈਆਂ ਤੋਂ ਜਾਨ ਤੇ ਛੁੱਟਦੀ । ਤੇ ਉਸਦੀਆਂ ਅੱਖਾਂ ਭਰ ਆਈਆਂ। ਉਹ ਸੋਚਣ ਲਗਾ : ਮੈਂ ਗੁਨਾਹ ਕੀ ਕੀਤਾ ਸੀ ਜਿਸਦੇ ਬਦਲੇ ਮੈਨੂੰ ਬਕਰੇ ਨਾਲ ਕਹਿਆ ਨੇ । ਆਖ਼ਰ ਬਚੇ ਦੇ ਦਵਾ-ਦਾਰੂ ਲਈ ਚਾਰ ਪੈਸੇ ਹੀ ਮੰਗੇ ਸਨ । ਮਜਬੂਰ ਹੋ ਹੱਥ ਅੱਡਣਾ ਹੀ ਪੈਂਦਾ ਹੈ, ਨਹੀਂ ਤੇ ਕਿਹਦਾ ਜੀਅ ਕਰਦਾ ਏ ਇਹਨਾਂ ਜ਼ਾਲਮਾਂ ਦੇ ਮੂੰਹ ਲਗਣ ਨੂੰ ! ਪਰ ਇਹਨਾਂ ਨੂੰ ਕਿਸੇ ਦੇ ਦੁਖ ਸੁਖ ਨਾਲ ਕੀ ? ਇਹਨਾਂ ਨੂੰ ਤੇ ਕੰਮ ਨਾਲ ਮਤਲਬ ਏ । ਬਸ ਸਿਰ ਸੁੱਟ ਡੰਗਰਾਂ ਵਾਂਗ ਕੰਮ ਕਰੀ ਜਾਉ ਤਾਂ ਇਹ ਖੁਸ਼ ਰਹਿੰਦੇ ਨੇ । ਜੇ ਜਰਾ ਉਬਾਸਰੋਂ ਤਾਂ ਇਹਨਾਂ ਨੂੰ ਸੱਤੀ ਕਪੜੀ ਅੱਗ ਲਗ ਜਾਂਦੀ ਏ । ਜ਼ਾਲਮ ਅਨਿਆਈ ਆਪਣੇ ਤੋਂ ਬਿਨਾਂ ਕਿਸੇ ਹੋਰ ਨੂੰ ਮਨੁਖ ਹੀ ਨਹੀਂ ਸਮਝਦੇ।

२१