ਪੰਨਾ:Hakk paraia.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿਆ ਏ । ਏਦਾਂ ਤੇ ਅੱਗੇ ਕਦੇ ਨਹੀਂ ਹੋਇਆ, ਇਹ ਸੋਚ ਕੇ ਉਹਦੇ ਕਦਮ ਹੋਰ ਤੇਜ਼ ਹੋ ਗਏ ।

ਪਿੰਡ ਦੀ ਦੂਜੀ ਪੱਤੀ ਉਹਨਾਂ ਦਾ ਘਰ ਸੀ । ਸਾਰਾ ਪਿੰਡ ਉਹ ਲੰਘ ਆਇਆ ਪਰ ਕੋਈ ਬੰਦਾ ਪਰੰਦਾ ਉਹਦੀ ਨਜ਼ਰੀਂ ਨਹੀਂ ਸੀ ਪਿਆ। ਹੈਰਾਨ ਪ੍ਰੇਸ਼ਾਨ ਧੰਨਾ ਘਰਾਂ ਦੇ ਬੰਦ-ਦਰਵਾਜ਼ਿਆਂ ਨੂੰ ਘੂਰਦਾ ਟੁਰਿਆ ਜਾ ਰਿਹਾ ਸੀ ਕਿ ਇਕ ਦਰਵਾਜ਼ੇ ਕੋਲੋਂ ਲੰਘਦਿਆਂ ਉਸ ਨੂੰ ਘੁਸਰ ਮੁਸਰ ਦੀ ਅਵਾਜ਼ ਆਈ, ਉਹਦੇ ਪੈਰ ਰੁਕ ਗਏ । ਦਰਵਾਜ਼ੇ ਨਾਲ ਕੰਨ ਲਾ ਉਸ ਘੁਸਰ ਮੁਸਰ ਸਣਨ ਦਾ ਯਤਨ ਕੀਤਾ : ਕੋਈ ਕਹਿ ਰਿਹਾ ਸੀ, “ਏਨੀ ਠੰਢ ਪੈਂਦੀ ਮੈਂ ਆਪਣੀ ਜ਼ਿੰਦਗੀ ਵਿਚ ਕਦੇ ਨਹੀਂ ਸੁਣੀ ॥ ਅਜ ਤੇ ਸੀਤ ਪੈ ਰਹੀ ਏ । ਬਾਹਰ ਨਿਕਲਣ ਨੂੰ ਜੀ ਨਹੀਂ ਕਰਦਾ। ਸੁਣ ਧੰਨੇ ਦੇ ਮਨ ਨੂੰ ਕੁਝ ਹੌਸਲਾ ਜਿਹਾ ਆ ਗਿਆ, ਪਿੰਡ ਵਿਚ ਸੁਖ ਹੀ ਏ, ਠੰਢ ਦੇ ਮਾਰੇ ਲੋਕ ਬਾਹਰ ਨਹੀਂ ਨਿਕਲੇ, ਸੋਚ ਉਹ ਫਿਰ ਟੁਰ ਪਿਆ।

ਆਪਣੇ ਘਰ ਵਲ ਜਾਂਦੀ ਗਲੀ ਦਾ ਮੋੜ ਮੁੜਦਿਆਂ ਹੀ ਉਸਨੇ ਵੇਖਿਆ ਕਿ ਬਹੁਤ ਸਾਰੀਆਂ ਜ਼ਨਾਨੀਆਂ ਉਹਨਾਂ ਦੇ ਵਿਹੜੇ ਵਿਚ ਜੁੜੀਆਂ ਬੈਠੀਆਂ ਹਨ । ਧੰਨਾ ਕੰਬ ਗਿਆ : ਜਾਹ ਜਾਂਦੀਏ ਏਥੇ ਤੇ ਕੋਈ ਭਾਣਾ ਵਰਤ ਗਿਆ ਲਗਦਾ ਏ । ਉਹਦੇ ਦਿਲ ਵਿਚ ਆਈ ਕਿ ਵਾਪਸ ਨਸ ਜਾਏ ॥ ਹੁਣ ਕਿਹੜਾ ਮੂੰਹ ਲੈ ਕੇ ਉਹ ਘਰ ਵੜੇਗਾ । ਸੋਚ ਉਹਦੇ ਕਦਮ ਰੁਕ ਗਏ । ਕਿੰਨੀ ਦੇਰ ਉਹ ਉਥੇ ਹੀ ਖੜਾ ਸੋਚਦਾ ਰਿਹਾ ਤੇ ਫੇਰ ਪਿਛੇ ਨੂੰ ਪਰਤ ਪਿਆ । ਗਲੀ ਦਾ ਮੋੜ ਮੁੜਦਿਆਂ ਉਹਦੇ ਪੈਰ ਜਿਵੇਂ ਜੰਮ ਗਏ, ਕੀ ਮੈਂ ਅੰਤਮ-ਘੜੀ ਆਪਣੇ ਪੁਤਰ ਦਾ ਮੂੰਹ ਵੀ ਨਹੀਂ ਵੇਖਾਂਗਾ, ਸਚ ਉਹ ਅਬੜਵਾਹੇ ਘਰ ਵਲ ਭੱਜ ਉਠਿਆ।

ਘਰ ਤੋਂ ਪੰਜ ਦਸ ਹੱਥ ਉਰਾਂ ਹੀ ਉਸਨੂੰ ਵਡੀ ਚਾਚੀ ਮਿਲ ਪਈ । “ਆ ਗਿਆ ਏ ਪੁੱਤ ? ਧੰਨੇ ਦੀ ਪਿੱਠ ਤੇ ਪਿਆਰ ਦੇਂਦਿਆਂ ਉਸ ਪੁਛਿਆ |

“ਚਾਚੀ......।' ਇਸ ਤੋਂ ਵਧ ਧੰਨਾ ਕੁੱਝ ਨਹੀਂ ਬੋਲ ਸਕਿਆ ।

ਪਰ ਚਾਚੀ ਦੀਆਂ ਬੁੱਢੀਆਂ ਤੇ ਅਨੁਭਵੀ ਅੱਖਾਂ ਉਹਦੀ ਘਬਰਾਹਟ ਨੂੰ ਤਾੜ ਗਈਆਂ "ਤੂੰ ਏਨਾ ਘਬਰਾਇਆ ਕਿਉਂ ਏਂ, ਕਾਲੂ ਠੀਕ ਏ ।' ਉਸਨੂੰ ਦਿਲਾਸਾ ਦੇਂਦਿਆਂ ਚਾਚੀ ਨੇ ਆਖਿਆ।

੨੭