ਪੰਨਾ:Hakk paraia.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿਛਲੇ ਦਸ ਪੰਦਰਾਂ ਦਿਨ ਮਲਕ ਬਹੁਤ ਬੁਰੀ ਤਰ੍ਹਾਂ ਉਲਝਿਆ ਰਿਹਾ । ਉਸਨੂੰ ਨ ਦਿਨੇ ਇਕ ਪਲ ਚੈਨ ਮਿਲਿਆ, ਨਾ ਰਾਤੀਂ ਇਕ ਪਲ ਅਰਾਮ । ਦਿਨੇ ਸੂਰਜ ਚੜ੍ਹਣ ਤੋਂ ਪਹਿਲਾਂ ਸ਼ਾਹੀ-ਮੁੱਹਲ ਪਹੁੰਚਣਾ ਤੇ ਰਾਤੀਂ ਡੂੰਘੇ ਹਨੇਰੇ ਪਏ ਵਾਪਸ ਪਰਤਣਾ ਉਹਦਾ ਜਿਵੇਂ ਨੇਮ ਬਣ ਚੁਕਾ ਸੀ । ਕਈ ਵੇਰ ਤਾਂ ਅੱਧੀ ਰਾਤੀਂ ਵੀ ਜਦੋਂ ਸ਼ਹਿਜਾਦੇ ਦੀ ਤਬੀਅਤ ਜ਼ਿਆਦਾ ਵਿਗੜ ਜਾਂਦੀ ਤਾਂ ਨਵਾਬ ਉਸਨੂੰ ਬੁਲਾ ਭੇਜਦਾ ਸੀ । ਤੇ ਉੱਦਨ ਮਲਕ ਦੀ ਸਾਰੀ ਰਾਤ ਹੀ ਸ਼ਹਿਜ਼ਾਦੇ ਦੀ ਆਂਦੀ ਖਲੋਤਿਆਂ ਲੰਘ ਜਾਂਦੀ ।

ਸਾਰਾ ਦਿਨ ਭਜ ਭਜ ਕੇ ਉਹਦੀ ਨਿਸ਼ਾ ਹੋ ਜਾਂਦੀ ਸੀ । ਉਹਦਾ ਇਕ ਪੈਰ ਜੇ ਸ਼ਹਿਜ਼ਾਦੇ ਦੇ ਕਮਰੇ ਵਿਚ ਹੁੰਦਾ ਤਾਂ ਦੁਸਰਾ ਦਰਬਾਰ ਵਿਚ ਨਵਾਬ ਕੋਲ । ਨਵਾਬ ਦਾ ਹੁਕਮ ਸੀ ਕਿ ਹਰ ਸਮੇਂ ਉਸਨੂੰ ਸ਼ਹਿਜ਼ਾਦੇ ਦੀ ਹਾਲਤ ਤੋਂ ਜਾਣੂ ਰਖਿਆ ਜਾਏ ਤੇ ਵਾਹ ਲੱਗਦੀ ਇਹ ਫ਼ਰਜ਼ ਮਲਕ ਆਪ ਹੀ ਨਿਭਾਉਂਦਾ ਸੀ । ਸ਼ਹਿਜ਼ਾਦੇ ਨੇ ਅਜ ਦਿਨ ਵਿਚ ਕਿਹੜੀ ਦਵਾ ਕਿੰਨੀ ਵਾਰ ਪੀਣੀ ਏ, ਮਲਕ ਤੋਂ ਸਿਵਾਏ ਕੋਈ ਨਹੀਂ ਸੀ ਜਾਣਦਾ । ਸ਼ਹਿਜ਼ਾਦੇ ਨੇ ਕੀ ਖਾਣਾ ਏ ਤੇ ਕੀ ਨਹੀਂ ਖਾਣਾ, ਮਲਕ ਤੋਂ ਹੀ ਪੁੱਛਿਆ ਜਾਂਦਾ ਸੀ। ਕਿਸ ਹਕੀਮ ਦੀ ਦਵਾਈ ਨਾਲ ਮਰਜ਼ ਕੁਝ ਘਟੀ ਸੀ ਤੇ ਕਿਹਦੇ ਇਲਾਜ ਨਾਲ ਮਰਜ਼ ਵਧ ਗਈ ਏ, ਮੁਲਕ ਨੂੰ ਹੀ ਪਤਾ ਸੀ । ਦਿਨ ਵਿਚ ਕਈ ਵਾਰ ਉਹ ਸਿਆਣੇ ਸਿਆਣੇ ਵੈਦ-ਹਕੀਮ ਇਕੱਠੇ ਕਰਕੇ ਉਹਨਾਂ ਨਾਲ ਸਲਾਹ-ਮਸ਼ਵਰਾ ਕਰਦਾ ਤੇ ਉਹਨਾਂ ਦੀ ਹਰ ਹਦਾਇਤ ਦਾ ਪੂਰੀ ਤਰ੍ਹਾਂ ਧਿਆਨ ਰਖਦਾ। ਇਹਨਾਂ ਦਿਨਾਂ ਵਿਚ ਭਾਵੇਂ ਮੁਲਕ ਨੂੰ ਕਾਫ਼ੀ ਪਰੇਸ਼ਾਨ ਰਹਿਣਾ ਪਿਆ ਸੀ ਪਰ ਮਨ ਹੀ ਮਨ ਵਿਚ ਉਹ ਬੜਾ ਖੁਸ਼ ਸੀ ਕਿ ਉਸ ਨੂੰ ਆਪਣੇ ਮਾਲਕ ਦੀ ਖਿਦਮਤ ਕਰਨ

੩੨