ਪੰਨਾ:Hakk paraia.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿਛਲੇ ਕਈ ਸਾਲਾਂ ਤੋਂ ਸ਼ਹਿਜ਼ਾਦਾ ਕਿਸੇ ਨਾ-ਮੁਰਾਦ ਬੀਮਾਰੀ ਨਾਲ ਮੰਜੀ ਤੇ ਜੁੜਿਆ ਪਿਆ ਸੀ । ਬੜੇ ਬੜੇ ਸਿਆਣੇ ਵੈਦ ਹਕੀਮ ਆਪਣੀ ਪੂਰੀ ਵਾਹ ਲਾ ਥਕੇ ਸਨ ਪਰ ਕਿਸੇ ਨੂੰ ਮਰਜ਼ ਦਾ ਪਤਾ ਨਹੀਂ ਸੀ ਲੱਗਾ। ਕੋਈ ਕੁੱਝ ਕਹਿੰਦਾ, ਕੋਈ ਕੁੱਝ । ਹਰ ਨਵੇਂ ਹਕੀਮ ਦੇ ਇਲਾਜ ਨਾਲ ਪਹਿਲੋਂ ਪਹਿਲ ਤਾਂ ਕੁੱਝ ਫ਼ਰਕ ਪੈ ਜਾਂਦਾ ਪਰ ਬਾਅਦ ਵਿਚ ਤਕਲੀਫ਼ ਜ਼ਿਆਦਾ ਵਧ ਜਾਂਦੀ । ਕਿਸੇ ਨੂੰ ਇਸ ਚੰਦਰੀ-ਬਿਮਾਰੀ ਦੀ ਸਮਝ ਨਹੀਂ ਸੀ ਆਉਂਦੀ। ਬੀਮਾਰੀ ਦਾ ਦੌਰਾ ਚੰਦਰਮਾ ਦੇ ਨਾਲ ਵਧਦਾ ਘਟਦਾ ਸੀ। ਹਨੇਰੇ ਦੇ ਤੇਰ੍ਹਾਂ ਚੌਦਾਂ ਦਿਨ ਤੇ ਸ਼ਹਿਜ਼ਾਦਾ ਚੈਨ ਵਿਚ ਗੁਜ਼ਾਰਦਾ ਪਰ ਚਾਨਣ-ਪੱਖ ਲਗਦਿਆਂ ਹੀ ਉਹ ਘੜੀਆਂ ਪਲਾਂ ਤੇ ਹੋ ਜਾਂਦਾ ਸੀ। ਪਰ ਇਸ ਵਾਰ ਹਨੇਰਾ ਪੱਖ ਲੱਗਿਆਂ ਛੇ ਸੱਤ ਦਿਨ ਹੋ ਗਏ ਸਨ, ਸ਼ਹਿਜ਼ਾਦੇ ਦੀ ਹਾਲਤ ਵਿਚ ਕੋਈ ਫ਼ਰਕ ਨਹੀਂ ਆਇਆ, ਸਗੋਂ ਮਰਜ਼ ਵਧ ਰਹੀ ਸੀ।

ਨਵਾਬ ਘਬਰਾ ਉਠਿਆ । ਕਿਤੇ ਇਹ ਟਿਮ-ਟਿਮਾਂਦੀ ਜੀਵਨ-ਜੋਤ ਬੁੱਝ ਨਾ ਜਾਏ । ਲਖਤੇ-ਜਿਗਰ ਇਕਲੌਤੇ ਬੇਟੇ ਦੀ ਵਿਗੜਦੀ ਹਾਲਤ ਨੇ ਨਵਾਬ ਨੂੰ ਇੰਨਾ ਪ੍ਰੇਸ਼ਾਨ ਤੇ ਦੁਖੀ ਕਰ ਦਿਤਾ ਕਿ ਉਹ ਆਪ ਮੰਜੀ ਤੇ ਪੈ ਗਿਆ। ਮਲਕ ਦੀ ਭੱਜ ਦੌੜ ਹੋਰ ਵੀ ਵਧ ਗਈ । ਪਰ ਮਲਕ ਦਿਲੋਂ ਖੁਸ਼ ਸੀ।

ਨਵਾਬ ਦੀ ਖ਼ਬਰ ਲੈਣ ਆਏ ਕਿਸੇ ਹਮਦਰਦ ਨੇ ਨਵਾਬ ਨੂੰ ਦਸ ਪਾਈ ਸੀ ਕਿ ਸੁਲਤਾਨ ਪੁਰ ਦੇ ਨਵਾਬ ਦਾ ਖ਼ਾਨਦਾਨੀ ਹਕੀਮ ਬੜਾ ਸਿਆਣਾ ਏ, ਅੱਲਾ ਤਾਲਾ ਦੇ ਰਹਿਮ ਨਾਲ ਉਹਦੇ ਹਥ ਏਨੀ ਸ਼ਫ਼ਾ ਏ ਕਿ ਜੇ ਉਹ ਕਿਸੇ ਨੂੰ ਰਾਖ ਦੀ ਚੁਟਕੀ ਵੀ ਖੁਆ ਦੇਵੇ ਤਾਂ ਉਹ ਅਰੋਗ ਹੋ ਜਾਂਦਾ ਏ । ਦਸਣ ਵਾਲੇ ਨੇ ਕਿਹਾ ਸੀ । ਇਸ ਹਕੀਮ ਦੀ ਦੱਸ ਨਵਾਬ ਜ਼ਾਲਮ ਖ਼ਾਨ ਨੂੰ ਇਕ ਵੇਰ ਅਗੇ ਵੀ ਪਈ ਸੀ। ਪਰ ਉਸ ਨੇ ਬਹੁਤਾ ਗੌਲਿਆ ਨਹੀਂ ਸੀ। ਕਿਉਂਕਿ ਸੁਲਤਾਨਪੁਰ ਦੇ ਨਵਾਬ ਦੌਲਤ ਖ਼ਾਨ ਨਾਲ ਪਿਛਲੇ ਕੁੱਝ ਅਰਸੇ ਤੋਂ ਉਹਦੀ ਅਣ ਬਣ ਚਲੀ ਆ ਰਹੀ ਸੀ, ਇਹ ਅਣ ਬਣ ਵਧਦੀ ਵਧਦੀ ਜ਼ਾਤੀ ਦੁਸ਼ਮਣੀ ਵਿਚ ਬਦਲ ਗਈ ਸੀ । ਜ਼ਾਲਮ ਖ਼ਾਨ ਦੌਲਤ ਖ਼ਾਨ ਤੋਂ ਆਕੀ ਹੋ ਗਿਆ ਸੀ । ਦਿਲੀ ਦਰਬਾਰ ਵਿਚ ਜਦੋਂ ਵੀ ਉਹ ਜਾਂਦਾ ਦੌਲਤ ਖਾਂ ਵਿਰੁਧ ਚੁਗਲੀਆਂ ਹੀ

੩੪