ਪੰਨਾ:Hakk paraia.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਇਆ ਸੀ ।

ਤੇ ਫੇਰ ਰਾਤ ਰਾਣੀ ਦਾ ਇਕ ਬੂਟਾ ਉਹਨਾਂ ਦੇ ਵਿਹੜੇ ਵਿਚ ਮਹਿਕਣ ਲਗ ਪਿਆ ਸੀ। ਬਾਕੀ ਦੇ ਬੂਟੇ ਉਸ ਨੂੰ ਬਾਹਰ ਸੁਟਣੇ ਪਏ ਸਨ ਕਿਉਂਕਿ ਵਿਹੜੇ ਵਿਚ ਉਹਨਾਂ ਜੋਗੀ ਕੋਈ ਜਗ੍ਹਾ ਨਹੀਂ ਸੀ । ਨਿੱਕਾ ਜਿਹਾ ਉਹਨਾਂ ਦਾ ਘਰ ਸੀ, ਕੁੱਲ ਦੋ ਤਿੰਨ ਛੋਟੇ ਛੋਟੇ ਕਮਰੇ । ਜਿਹਨਾਂ ਵਿਚ ਇਕ ਕਮਰੇ ਵਿਚ ਭਗਵਾਨ ਰਾਮ ਤੇ ਕ੍ਰਿਸ਼ਨ ਦੀਆਂ ਮੂਰਤੀਆਂ ਪਈਆਂ ਸਨ ਤੇ ਉਹ ਪੂਜਾ ਲਈ ਰਾਖਵਾਂ ਸੀ । ਹਰ ਹੋਜ਼ ਸਵੇਰੇ ਸ਼ਾਮ ਉਹ ਆਪਣੀ ਮਾਤਾ ਦੇ ਨਾਲ ਇਹਨਾਂ ਮੂਰਤੀਆਂ ਦੇ ਸਾਹਵੇਂ ਬੈਠ ਪੂਜਾ ਪਾਠ ਕਰਦਾ ਹੁੰਦਾ ਸੀ, ਪਰ ਉਹਦਾ ਬਾਪ ਕਦੇ ਇਸ ਕਮਰੇ ਵਿਚ ਨਹੀਂ ਸੀ ਵੜਿਆ, ਨ ਹੀ ਕਦੇ ਉਸ ਨੇ ਉਹਨਾਂ ਨੂੰ ਪੂਜਾ ਪਾਠ ਕਰਦਿਆਂ ਵੇਖਿਆ ਸੀ। ਉਸ ਨੇ ਆਪਣੇ ਬਾਪ ਨੂੰ ਕਦੇ ਹੱਸਦਿਆਂ ਵੀ ਨਹੀਂ ਸੀ ਤਕਿਆ। ਹਰ ਵੇਲੇ ਉਹ ਕਿਸੇ ਡੂੰਘੀ ਸੋਚ ਵਿਚ ਡੁੱਬੇ ਡੁੱਬੇ ਰਹਿੰਦੇ । ਕਿਸੇ ਨਾਲ ਖੁਲ੍ਹਕੇ ਗੱਲ ਨਾ ਕਰਦੇ, ਸਦਾ ਘੱਟੋ ਘੱਟੇ, ਚੁਪ ਚੁਪ, ਉਦਾਸ ਉਦਾਸ ਰਹਿੰਦੇ ਸਨ। ਉਂਝ ਉਹ ਨਗਰ ਦੇ ਮੁਅੱਜੱਜ਼ ਬੰਦਿਆਂ ਵਿਚ ਗਿਣੇ ਜਾਂਦੇ ਸਨ । ਨਵਾਬ ਦੇ ਦਰਬਾਰ ਵਿਚ ਉਹ ਚੰਗੇ ਅਹੁਦੇ ਤੇ ਸਨ । ਨਗਰ ਨਿਵਾਸੀ ਉਹਨਾਂ ਦਾ ਬੜਾ ਆਦਰ ਸਤਿਕਾਰ ਕਰਦੇ ਸਨ । ਹਿੰਦੂ ਲੋਕ ਉਹਨਾਂ ਨੂੰ ਆਪਣਾ ਸੱਚਾ ਹਮਦਰਦ ਮੰਨਦੇ ਸਨ । ਸਵੇਰ ਸ਼ਾਮ ਉਹਨਾਂ ਦੇ ਘਰ ਦੀ ਬੈਠਕ ਵਿਚ ਫਰਿਆਦੀਆਂ ਦਾ ਇਕ ਇਕੱਠ ਜਿਹਾ ਜੁੜ ਜਾਂਦਾ ਸੀ । ਦੂਰੋਂ ਦੂਰੋਂ ਹਿੰਦੂ ਲੋਕ ਆਪਣੇ ਦੁਖ ਰੋਣ ਉਹਨਾਂ ਪਾਸ ਆਉਂਦੇ ਹਨ ।

ਉਹ ਸਭ ਦੀਆਂ ਸ਼ਕਾਇਤਾਂ ਬੜੇ ਧਿਆਨ ਨਾਲ ਸੁਣਦੇ । ਉਹਨਾਂ ਨੂੰ ਧੀਰਜ-ਦਿਲਾਸਾ ਦੇਂਦੇ । ਆਪਣੇ ਵਲੋਂ ਹਰ ਸੰਭਵ ਸਹਾਇਤਾ ਕਰਨ ਦਾ ਵਚਨ ਦੇਂਦੇ । ਤੇ ਇਉਂ ਨਿਰਾਸ ਤੇ ਉਦਾਸ ਚਿਹਰੇ ਲਈ ਉਹਨਾਂ ਕੋਲ ਆਏ ਵਿਅਕਤੀ ਇਕ ਆਸ ਨਾਲ ਮੁਸਕਾਂਦੇ ਵਾਪਸ ਜਾਂਦੇ । ਪਰ ਜਦੋਂ ਉਹ ਚਲੇ ਜਾਂਦੇ, ਕਿੰਨੀ ਕਿੰਨੀ ਦੇਰ ਇਕੱਲ ਵਿਚ ਬੈਠੇ ਉਹ ਹੰਝੂ ਕੇਰਦੇ ਰਹਿੰਦੇ।

ਉਸ ਨੇ ਆਪਣੀ ਮਾਤਾ ਕੋਲੋਂ ਸੁਣਿਆ ਸੀ ਕਿ ਉਹ ਇਹਨਾਂ ਮੁਸਲਮਾਨ-ਹਾਕਮਾਂ ਦੀ ਨੌਕਰੀ ਕਰਨਾ ਪਸੰਦ ਨਹੀਂ ਕਰਦੇ। ਉਹ

੩੯