ਪੰਨਾ:Hakk paraia.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਡਿਊਢੀ ਦੇ ਦਰਵਾਜ਼ੇ ਕੋਲ ਬੈਠਾ ਪਹਿਰੇਦਾਰ ਊਂਘ ਰਿਹਾ ਸੀ, ਵੇਖ ਮਲਕ ਦੀਆਂ ਭਵਾਂ ਤਣ ਗਈਆਂ : ‘ਗਾਫ਼ਲ, ਨਿਮਕ ਹਰਾਮ' ਉਹ ਬੁੜਬੁੜਾਇਆ ਤੇ ਫਿਰ ਰੁਕ ਗਿਆ, ਪਰ ਦੂਜੇ ਹੀ ਪਲ, ਮਲਕੜੇ ਜਿਹੇ ਬੂਹਾ ਖੋਲ੍ਹ ਉਹ ਅੰਦਰ ਲੰਘ ਗਿਆ।'

ਅਜ ਉਹ ਖੁਸ਼ ਸੀ, ਬਹੁਤ ਖੁਸ਼ ।

ਡਿਊਢੀ ਲੰਘ ਉਹ ਜ਼ਨਾਨਖ਼ਾਨੇ ਵਲ ਵਧਿਆ | ਪਰ ਕੁੱਝ ਕਦਮ ਚਲਕੇ ਹੀ ਉਹ ਰੁਕ ਗਿਆ । ‘ਆਜ ਹਮ ਪੀਏਂਗੇ । ਆਜ ਹਮ ਖੁਸ਼ੀ ਕੇ ਜਾਮ ਪੀਏਂਗੇ।' ਮਨ ਹੀ ਮਨ ਵਿਚ ਕਹਿ ਮਲਕ ਦੀਵਾਨਖ਼ਾਨੇ ਵਲ ਮੁੜ ਪਿਆ ।

ਮਲਕ ਨੂੰ ਸ਼ਰਾਬ ਦੀਵਾਨਖ਼ਾਨੇ ਵਿਚ ਬੈਠ ਕੇ ਹੀ ਪੀਣੀ ਪੈਂਦੀ ਹੈ । ਆਪਣੀ ਪਤਨੀ ਦੇ ਸਾਹਵੇਂ ਸ਼ਰਾਬ ਪੀਣ ਦੀ ਗੁਸਤਾਖੀ ਉਹ ਨਹੀਂ ਕਰ ਸਕਦਾ। ਉਹ ਨਰਾਜ਼ ਹੋ ਜਾਂਦੀ ਏ, ਤੇ ਉਹਦੀ ਨਰਾਜ਼ਗੀ ਮਲਕ ਤੋਂ ਬਰਦਾਸ਼ਤ ਨਹੀਂ ਹੁੰਦੀ ।

“ਕਿੰਨੀ ਪਿਆਰੀ ਔਰਤ ਏ ! ਪਰ ਪਤਾ ਨਹੀਂ ਉਹਨੂੰ ਸ਼ਰਾਬ ਨਾਲ ਨਫ਼ਰਤ ਕਿਉਂ ਏ ? ਸ਼ਰਾਬ ਵੇਖ ਕੇ ਤੇ ਉਸ ਨੂੰ ਜਿਵੇਂ ਅੱਗ ਲਗ਼ ਜਾਂਦੀ ਏ । ਝੱਟ ਤੜਪਕੇ ਬੋਲਦੀ : “ਮੇਰੇ ਹੁੰਦਿਆਂ ਤੁਹਾਨੂੰ ਸ਼ਰਾਬ ਦੀ ਲੋੜ ਮਹਿਸੂਸ ਹੁੰਦੀ ਏ ?" ਜ਼ਾਲਮ, ਦੀ ਇਸ ਗੱਲ ਦਾ ਕੋਈ ਕੀ ਜਵਾਬ ਦਏ ! ਜਾਮ ਭਰਕੇ ਮੂੰਹ ਨੂੰ ਲਾਣ ਤੋਂ ਪਹਿਲਾਂ ਮਲਕ ਨੇ ਸੋਚਿਆ ਤੇ ਫੇਰ ਇਕ ਘੁੱਟ ਵਿਚ ਪਿਆਲਾ ਖ਼ਾਲੀ ਕਰ ਸਾਹਮਣੇ ਤਿਪਾਈ ਤੋਂ ਰੁਖ ਫੇਰ ਜਾਮ ਭਰ । ਹੋਠਾਂ ਨੂੰ ਲਾਇਆ ਪਰ ਪੀਤਾ ਨਹੀਂ, ਤੇ ਫੇਰ ਹੇਠਾਂ ਰਖ ਦਿਤਾ । ਜ਼ਾਲਮ ਕਬੀ ਅਪਨੇ ਹਾਥੋਂ ਸੇ ਜਾਮ ਦਏ ਤੋਂ ਕੈਸਾ ਨਸ਼ਾ ਹੋ ! ਦੂਹਰਾ ਨਸ਼ਾ, ਇਕ ਸ਼ਰਾਬ ਕਾ ਨਸ਼ਾ ਔਰ ਦੂਸਰਾ ਉਸਕੀ ਮਤਵਾਲੀ ਆਖੋਂ ਕਾ ।