ਪੰਨਾ:Hakk paraia.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਨਕ ਦਾ ਹਾਸਾ, ਡੁਲ੍ਹ ਡੁਲ੍ਹ ਪੈ ਰਿਹਾ ਸੀ । ਆਪਣੇ ਦੁਪੱਟੇ ਦੀ ਕੰਨੀ ਨੂੰ ਦੰਦਾਂ ਵਿਚ ਘੁੱਟ ਹਾਸਾ ਰੋਕਣ ਦਾ ਯਤਨ ਕਰਦੀ ਉਹ ਮਲਕ ਦੇ ਕੋਲ ਆ ਕੇ ਬੈਠ ਗਈ। ਮਲਕ ਨੂੰ ਏਸ ਰੰਗ ਵਿਚ ਪਹਿਲੇ ਉਸ ਕਦੇ ਨਹੀਂ ਸੀ ਵੇਖਿਆ । ਉਹਨੂੰ ਬੜਾ ਅਜੀਬ ਅਜੀਬ ਲਗ ਰਿਹਾ ਸੀ !

"ਤੁਮ ਬਹੁਤ ਹਛੀ ਹੋ ਜਾਨ । ਹਮ ਤੁਮ ਪਰ ਬਹੁਤ ਖੁਸ਼ ਹੈਂ ! ਮਾਂਗ ਲੋ ਕੁੱਛ ।" ਪਿਆਰ ਨਾਲ ਉਹਦੇ ਜਿਸਮ ਨੂੰ ਪਲੋਸਦਿਆਂ ਮਲਕ ਬੋਲਿਆ ।

"ਕਿਆ ਮਾਂਗੂ ਹਜ਼ੂਰ ? ਆਪਕੀ ਰਹਿਮਤ ਸੇ ਕਿਸੀ ਬਾਤ ਕੀ ਕਮੀ ਨਹੀਂ।" ਜਨਕ ਵੀ ਸ਼ਰਾਰਤ ਤੇ ਤੁਲ ਆਈ ਜਾਪਦੀ ਸੀ।

"ਨਹੀਂ, ਕੁਛ ਤੋ ਮਾਂਗ ਲੌ ਹੁਸੀਨਾ । ਹਮ ਤੁਮੇਂ ਮੂੰਹ ਮਾਂਗੀ ਮੁਰਾਦ ਦੇਂਗੇ । ਇਨਕਾਰ ਕਰਕੇ ਹਮਾਰੀ ਤੌਹੀਨ ਨ ਕਰੋ ।"

"ਬਹੁਤ ਹੱਛਾ ਹਜ਼ੂਰ ।" ਜਨਕ ਨੇ ਸਿਰ ਝੁਕਾਕੇ ਆਖਿਆ “ਹਰ ਮੁਰਾਦ ਪੂਰੀ ਕਰੋਗੇ ?

“ਆਪ ਕੋ ਹਮਾਰੀ ਤੌਫ਼ੀਕ ਪਰ ਸ਼ੱਕ ਹੈ ਕਿਆ ? ਮਲਕ ਗੁੱਸੇ ਵਿਚ ਆ ਗਿਆ।

"ਹਜੂਰ ਕਾ ਇਕਬਾਲ ਬੁਲੰਦ ਹੋ । ਦਾਸੀ ਨੇ ਐਸੀ ਤੋਂ ਕੋਈ ਬਾਤ ਨਹੀਂ ਕਹੀ । ਜਨਕ ਨੇ ਸਿਰ ਝੁਕਾ ਬੁਲ੍ਹੀਆਂ ਵਿਚ ਮੁਸਕਰਾਦਿਆਂ ਆਖਿਆ |

“ਤੇ ਫਿਰ ਜੋ ਚਾਹੋ ਮਾਂਗ ਲੌ ।"

“ਹਜ਼ੂਰ......" ਜਨਕ ਨੇ ਦੋਵੇਂ ਹਥ ਜੋੜ ਲਏ ।

“ਹਾਂ......ਹਾਂ......ਮਾਂਗੋਂ ।

"ਮੁਝੇ ਏਕ ਲਾਲ ਦੇ ਦੋ । ਮੇਰੀ ਸਖਣੀ ਝੋਲੀ ਭਰ ਦੇ ।"

ਸੁਣਦਿਆਂ ਸਾਰ ਮਲਕ ਤੇ ਸੱਤ੍ਹਰ ਘੜੇ ਪਾਣੀ ਆ ਪਿਆ। ਉਹਦਾ ਸਾਰਾ ਨਸ਼ਾ ਜਿਵੇਂ ਕਾਫ਼ੂਰ ਹੋ ਗਿਆ । ਇਕ ਠੰਢੀ ਆਹ ਭਰ, ਕਾਲਜੇ ਤੇ ਹਥ ਰਖ ਬੋਲਿਆ, “ਜਨਕ... ਤੁਮ ਨੇ ਮੇਰੇ ਰਿਸਤੇ ਜ਼ਖ਼ਮ ਮੇਂ ਨਸ਼ਤਰ ਮਾਰ ਦੀਆ ਹੈ । ਯਹ ਕਿਆ ਮਾਂਗਾ ? ਯਹ ਕੋਈ......।"

"ਮੇਰੇ ਜਹੀ ਔਰਤ ਏਸ ਤੋਂ ਵਧ ਹੋਰ ਕੀ ਮੰਗ ਸਕਦੀ ਏ, ਸਵਾਮੀ ।" ਕਹਿ ਜਨਕ ਉਸ ਦੀਆਂ ਬਾਹਾਂ ਵਿਚ ਸਿਮਟ ਗਈ ।

੪੯