ਪੰਨਾ:Hakk paraia.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੱਜ ਜਨਕ ਨੂੰ ਇਕੱਲਿਆਂ ਹੀ ਪੂਜਾ ਲਈ ਜਾਣਾ ਪਿਆ। ਇਹ ਪਹਿਲਾ ਮੌਕਾ ਸੀ ਕਿ ਮੁਲਕ ਦੇ ਘਰ ਹੁੰਦਿਆਂ ਉਹ ਇਕੱਲੀ ਪੂਜਾ ਕਰਨ ਗਈ ਸੀ । ਹਰ ਰੋਜ਼ ਪਹਿਰ ਰਾਤ ਰਹਿੰਦੀ ਉਹ ਦੋਵੇਂ ਜੀਅ ਉਠ ਖਲੋਂਦੇ । ਇਸ਼ਨਾਨ-ਪਾਣੀ ਤੋਂ ਬਾਅਦ ਵਖੋ ਵਖਰੇ ਆਸਣ ਲਾ ਉਹ ਆਪਣੇ ਨਿਤਨੇਮ ਦਾ ਪਾਠ ਕਰਦੇ ਤੇ ਫੇਰ ਦੋਵੇਂ ਇਕੱਠੇ ਹੀ ਸ਼ਿਵਾਲੇ ਭਗਵਾਨ ਦੀ ਪੂਜਾ ਕਰਨ ਜਾਂਦੇ ਸਨ । ਪੂਜਾ ਦਾ ਥਾਲ ਕਦੇ ਮਲਕ ਦੇ ਹੱਥ ਹੁੰਦਾ ਸੀ, ਕਦੇ ਜਨਕ ਦੇ ਹੱਥ ।

ਪਰ ਅਜ ਮਲਕ ਸਵੇਰੇ ਉਠਿਆ ਨਹੀਂ ਤੇ ਜਦੋਂ ਜਨਕ ਨੇ ਉਸ ਨੂੰ ਉਠਾਣਾ ਚਾਹਿਆ ਤਾਂ ਤਬੀਅਤ ਖਰਾਬ ਹੋਣ ਦਾ ਬਹਾਨਾ ਕਰ ਉਸ ਆਪਣਾ ਮੂੰਹ-ਸਿਰ ਵਲ੍ਹੇਟ ਲਿਆ । ਜਨਕ ਨੇ ਵੀ ਬਹੁਤਾ ਜ਼ੋਰ ਨਹੀਂ ਦਿਤਾ । ਉਹ ਆਪਣੀ ਰਾਤ ਦੀ ਭੁੱਲ ਤੇ ਪਛਤਾ ਰਹੀ ਸੀ ।“ਮੈਂ ਕਾਹਨੂੰ ਕਹਿਣਾ ਸੀ । ਧੀਆਂ ਪੁੱਤਰ ਕਈ ਬੰਦੇ ਦੇ ਆਪਣੇ ਵਸ ਹੁੰਦੇ ਨੇ ! ਜੋ ਕਰਮਾਂ ਵਿਚ ਲਿਖਿਐ, ਉਹੀ ਮਿਲਣਾ ਏ ਨਾ । ਮੈਂ ਐਵੇਂ ਇਹਨਾਂ ਦਾ ਦਿਲ ਦੁਖਾਇਆ । ਪਰ ਮੂੰਹੋਂ ਨਿਕਲੀ ਗੱਲ ਹੁਣ ਵਾਪਸ ਨਹੀਂ ਸੀ ਹੋ ਸਕਦੀ ।

ਪਾਠ ਵਿਚ ਉਹਦਾ ਮਨ ਨਹੀਂ ਲੱਗਾ। ਪਜਾ ਕਰਨ ਜਾਣ ਤਿਆਰੀ ਕਰਦੀ ਵੀ ਉਹ ਮੁਲਕ ਦੇ ਉਦਾਸ ਚਿਹਰੇ ਵਲ ਚੋਰ-ਨਜ਼ਰੇ ਝਾਕਦੀ ਰਹੀ ਸੀ । ਤੇ ਫੇਰ ਭੈੜੇ ਜਿਹੇ ਦਿਲ ਨਾਲ ਪੂਜਾ ਦਾ ਥਾਲ ਲਈ ਸ਼ਿਵਾਲੇ ਚਲੀ ਗਈ ਸੀ ।

ਜਦੋਂ ਉਹ ਪਰਤ ਕੇ ਆਈ। ਮਲਕ ਉਦੋਂ ਤਕ ਵੀ ਬਿਸਤਰੇ ਵਿਚ ਪਿਆ ਸੀ। ਜਨਕ ਦੀ ਉਦਾਸੀ ਹੋਰ ਗਾਹੜੀ ਹੋ ਗਈ । ਉਹਦੇ ਮਨ ਦਾ ਸੰਤਾਪ ਹੋਰ ਵਧ ਗਿਆ ।

੫੦