ਪੰਨਾ:Hakk paraia.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਤੁਸੀਂ ਅਜੇ ਉੱਠੇ ਨਹੀਂ ।" ਜਨਕ ਨੇ ਉਹਦੇ ਮੂੰਹ ਤੋਂ ਰਜ਼ਾਈ ਪਰ੍ਹਾਂ ਕਰਦਿਆਂ ਸਹਿਮੀ ਜਿਹੀ ਅਵਾਜ਼ ਵਿਚ ਆਖਿਆ ।

“ਐਵੇਂ ਅਜ ਜੀ ਹੀ ਨਹੀਂ ਕਰਦਾ ਉਠਣ ਨੂੰ । ਮਲਕ ਨੇ ਅੰਗੜਾਈ ਲੈ ਪਾਸਾ ਪਰਤ ਲਿਆ।

ਮੈਨੂੰ ਮਾਫ਼ ਕਰ ਦਿਓ ਸਵਾਮੀ, ਮੈਂ......

ਜਨਕ......"

"ਮੈਨੂੰ ਮਾਫ਼ ਕਰ ਦਿਉ ਨਾ ਸਵਾਮੀ, ਮੈਂ ਤੁਹਾਡਾ ਦਿਲ....."ਜਨਕ ਦਾ ਗੱਚ ਭਰ ਆਇਆ ਸੀ।

"ਐਸੀ ਕੋਈ ਗੱਲ ਨਹੀਂ। ਜ਼ਿੰਦਗੀ ਵਿਚ ਜਿਹੜੀ ਘਾਟ ਹੁੰਦੀ ਏ, ਉਹ ਅਣਗੌਲਿਆਂ ਮਿੱਟ ਥੋੜਾ ਜਾਂਦੀ ਏ । ਕਦੇ ਨ ਕਦੇ ਚੀਸ ਬਣ ਹੋਠਾਂ ਰਾਹੀਂ ਨਿਕਲ ਹੀ ਆਉਂਦੀ ਏ । ਤੇਰਾ ਕੀ ਦੋਸ਼ ਏ...?"

“ਪਰ ਮੈਂ......

"ਜਨਕ ਮੈਂ ਉਸ ਦਿਨ ਨੂੰਉ ਮਰਾਂ ਦਾ ਸਹਿਕ ਰਿਹਾ ਹਾਂ, ਜਿਸ ਦਿਨ ਮੈਨੂੰ ਵੀ ਕੋਈ......(ਮਲਕ ਦਾ ਗੱਚ ਭਰ ਆਇਆ ਤੇ ਉਸ ਨੇ ਗੱਲ ਅਧੂਰੀ ਹੀ ਛੱਡ ਦਿਤੀ । ਪਰ ਛੇਤੀ ਹੀ ਉਸ ਆਪਣੇ ਮਨ ਤੇ ਕਾਬੂ ਪਾ ਲਿਆ) ...ਤੇ ਆਪਣੀ ਏਸ ਰੀਝ ਦੀ ਪੂਰਤੀ ਲਈ ਮੈਂ ਕੀ ਕੁੱਝ ਨਹੀਂ ਕੀਤਾ ? ਕਿਥੇ ਨਹੀਂ ਗਿਆ ? ਪਰ ਮੇਰੀ ਸਖਣੀ ਝੋਲ ਵਿਚ ਮੁਰਾਦ ਦਾ ਫਲ ਕਿਸੇ ਨਹੀਂ ਪਾਇਆ । ਮਲਕ ਦੀਆਂ ਅੱਖਾਂ ਭਰ ਆਈਆਂ।

"ਤੁਸੀਂ ਏਨੇ ਉਦਾਸ ਕਿਉਂ ਹੁੰਦੇ ਜੇ । ਕੀ ਪਤਾ ਰੱਬ ......। ਉਹਦੇ ਘਰ ਕਿਸੇ ਚੀਜ਼ ਦਾ ਘਾਟਾ ਏ ? ਜਨਕ ਨੇ ਮਲਕ ਨੂੰ ਧੀਰਜ ਦੇਂਦਿਆਂ ਆਖਿਆ।

ਕਿੰਨੀ ਦੇਰ ਮਲਕ ਨੇ ਹੀ ਗਾਰਾ ਨਹੀਂ ਭਰਿਆ। ਤੇ ਫੇਰ ਜਿਵੇਂ ਆਪਣੇ ਆਪ ਨਾਲ ਹੀ ਗੱਲਾਂ ਕਰਨ ਲਗ ਪਿਆ ।

"ਉਹਦੇ ਘਰ ਘਾਟਾ ਤੇ ਕੋਈ ਨਹੀਂ। ਤੇ ਨਾ ਹੀ ਉਹਦੇ ਰੰਗਾਂ ਦਾ ਕਿਸੇ ਨੂੰ ਪਤਾ ਏ । ਪਰ ਹੁਣ ਤੇ ਆਸ ਹੀ ਮਰ ਚਲੀ ਏ, ਸਾਰੀ ਉਮਰ ਲੰਘ ਗਈ ਏ, ਸਹਿਕਦਿਆਂ ਹੀ । ਸੁਖਾਂ ਸੁਖ, ਮੰਨਤਾਂ ਮੰਨ, ਦਰ ਦਰ ਦੀ ਖਾਕ ਛਾਣੀ ਏ ਪਰ......ਪਰ ਤੂੰ ਸਚ ਪੱਛੇਂ ਤਾਂ ਹੁਣ ਮੈਨੂੰ ਭਗਵਾਨ ਤੇ ਬਿਲਕੁਲ ਵਿਸ਼ਵਾਸ਼ ਨਹੀਂ ਰਿਹਾ ।

੫੧