ਪੰਨਾ:Hakk paraia.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਤਾਵਰਨ ਵਿਚ ਵਿਚਰਦਾ ਹੋਇਆ ਕੁਦਰਤ ਦੇ ਅਗੰਮੀ ਸੰਗੀਤ ਨੂੰ ਮਾਣਦਾ ਰਹਿੰਦਾ ।

ਇਸ ਬਾਗ ਦੀ ਨਿਗਰਾਨੀ ਤੇ ਸੇਵਾ ਸੰਭਾਲ ਲਈ ਉਸ ਨੇ ਚਾਲ੍ਹੀ ਪੰਜਾਹ ਬੰਦੇ ਰਖੇ ਹੋਏ ਹਨ, ਜੋ ਸਵੇਰ ਤੋਂ ਸ਼ਾਮ ਤਕ ਇਸਨੂੰ ਸੰਵਾਰਦੇ ਰਹਿੰਦੇ ਹਨ । ਇਹ ਸਾਰੇ ਬੰਦੇ ਹੈਣ ਵੀ ਬੜੇ ਸਿਆਣੇ ਤੇ ਹਿੰਮਤੀ,ਇਹਨਾਂ 'ਚੋਂ ਬਹੁਤੇ ਤਾਂ ਨੇੜੇ ਤੇੜੇ ਦੇ ਪਿੰਡਾਂ ਦੇ ਚੌਧਰੀਆਂ ਤੇ ਜ਼ਿਮੀਦਾਰਾਂ ਵਲੋਂ ਮਲਕ ਨੂੰ ਤੋਹਫੇ ਦੇ ਤੌਰ ਤੇ ਭੇਜੇ ਹੋਏ ਹਨ ਤੇ ਕੁੱਝ ਉਹ ਵਾਹੀਕਾਰ ਹਨ ਜਿਹਨਾਂ ਦੀ ਜ਼ਮੀਨ ਮਾਲਕ ਦੇ ਮੁਰੱਬਿਆਂ ਦੇ ਨਾਲ ਲਗਦੀ ਹੋਣ ਕਾਰਨ ਖੁਸ ਗਈ ਹੈ। ਇਹ ਅਣ-ਮੁੱਲੇ ਗੁਲਾਮ ਪਹੁ-ਫੁਟੀ ਤੋਂ ਲੈ ਤਰਕਾਲਾਂ ਤਕ ਜਾਨਵਾਰਾਂ ਵਾਕੁਰ ਸਿਰ ਸੁਟ ਕੰਮ ਕਰਦੇ ਹਨ ਤੇ ਰਾਤ ਨੂੰ ਮਲਕ ਦੇ ਭੰਡਾਰੇ 'ਚੋਂ ਮਿਲਿਆ ਸੁੱਕਾ-ਮਿਸਾ ਅੰਨ ਖਾ ਸਬਰ ਨੂੰ ਸੀਨੇ ਲਾਈ ਸੌਂ ਜਾਂਦੇ ਹਨ। ਤੇ ਸਵੇਰੇ ਪਹਿਰ ਰਾਤ ਰਹਿੰਦੇ ਹੀ ਡਰਦੇ ਡਰਦੇ ਉਠ ਖੜੋਂਦੇ ਹਨ । ਲੰਬੜ ਦੇ ਚਾਬੁਕ ਦਾ ਭੈਅ ਉਹਨਾਂ ਨੂੰ ਰਾਤੀਂ ਵੀ ਚੈਨ ਨਾਲ ਸੌਣ ਨਹੀਂ ਦੇਂਦਾ !

ਲੰਬੜ ਸੁਭਾ ਦਾ ਹੈ ਵੀ ਬੜਾ ਜ਼ਾਲਮ । ਤੇ ਉਹ ਵੀ ਵਗਾਰੀ ਫੜਿਆ । ਪਰ ਉਹ ਏਨਾ ਚੁਰਚਰਾ ਤੇ ਨਿਮਕ ਹਲਾਲ ਬੰਦਾ ਹੈ ਕਿ ਪਿਛਲੇ ਦਸ ਸਾਲਾਂ ਵਿਚ ਮੁਲਕ ਨੂੰ ਕਦੇ ਵੀ ਉਹਦੇ ਵਿਰੁਧ ਕੋਈ ਗਿਲਾ ਨਹੀਂ ਹੋਇਆ। ਮਾਲਕ ਦੇ ਸੁਭਾ ਨੂੰ ਉਹ ਚੰਗੀ ਤਰ੍ਹਾਂ ਸਮਝਦਾ ਹੈ ਤੇ ਉਸਨੂੰ ਖੁਸ਼ ਰਖਣ ਦੇ ਸਾਰੇ ਭੇਦ ਉਹ ਜਾਣਦਾ ਹੈ । ਪਹਿਰ ਰਾਤ ਰਹਿੰਦੇ ਹੀ ਉਹ ਕੰਮੀਆਂ ਦੀਆਂ ਝੌਪੜੀਆਂ ਵਲ ਚੱਕਰ ਮਾਰਦਾ ਹੈ । ਤੇ ਉਸ ਸਮੇਂ ਤਕ ਸੁੱਤਾ ਜਿਹੜਾ ਵੀ ਉਹਦੀ ਨਜ਼ਰੀ ਪੈ ਜਾਏ, ਉਸਨੂੰ ਲਤੋਂ ਫੜ ਧਰੀਕਦਾ ਹੋਇਆ ਆਪਣੀ ਕੋਠੜੀ ਲੈ ਜਾਂਦਾ ਹੈ । ਤੇ ਉਥੇ ਬੜੀ ਬੇਰਹਿਮੀ ਨਾਲ ਚਾਬੁਕਾਂ ਨਾਲ ਅਜਿਹੀ ਮਾਰ ਮਾਰਦਾ ਹੈ ਕਿ ਉਹ ਕੋਹੇ ਜਾ ਰਹੇ ਬੱਕਰੇ ਵਾਂਗ ਕੁਰਲਾਂਦਾ ਤੇ ਚਿੱਲਾਂਦਾ । ਸਾਰਾ ਦਿਨ, ਮਾਵੇ ਦੇ ਨਸ਼ੇ ਨਾਲ ਮਸਤ ਹੋਇਆ ਉਹ ਚਾਬੁਕ ਫੜੀ ਬਾਗ ਵਿਚ ਘੁੰਮਦਾ ਰਹਿੰਦਾ ਹੈ । ਕਿਸੇ ਵਲੋਂ ਕੰਮ ਵਿਚ ਜ਼ਰਾ ਢਿੱਲ-ਮਠ ਹੋਈ ਨਹੀਂ ਤੇ ਉਹਦੀ ਪਿਠ ਤੇ ਚਾਬੁਕ ਪਈ ਨਹੀਂ। ਉਹਦੇ ਨਿਰਦਈ ਸਭਾ ਤੋਂ ਸਾਰੇ ਡਰਦੇ ਹਨ ।

(੫੪)