ਪੰਨਾ:Hakk paraia.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਲਕ ਨੇ ਉਸ ਦੇ ਪ੍ਰਨਾਮ ਨੂੰ ਗੌਲਿਆਂ ਨਹੀਂ। ਬੜੀ ਬੇਰੁਖੀ ਨਾਲ ਉਸ ਉਹਦੇ ਹਥੋਂ ਗੁਲਾਬ ਦੇ ਫੁਲਾਂ ਦਾ ਗੁਲਦਸਤਾ ਝਪਟ ਮਾਰ ਕੇ ਖੋਹ ਲਿਆ । ਤੇ ਫੇਰ ਬੜੀ ਕੁਰਖਤ ਅਵਾਜ਼ ਵਿਚ ਬੋਲਿਆ : ਚੌਕੀਦਾਰ ਲੰਬੜ ਕਿਥੇ ਹੈ ? ਬੁਲਾਕੇ ਲਿਆ ਉਹਨੂੰ ।"

"ਜੀ ਹਜ਼ੂਰ ।"

“ਜੀ ਹਜ਼ੂਰ ਦੇ ਬਚੇ, ਜਾ ਦਫ਼ਾ ਹੋ, ਜਲਦੀ ਜਾ ਕੇ ਲੰਬੜ ਨੂੰ ਬੁਲਾ ਲਿਆ ।"

ਚੌਕੀਦਾਰ ਬੜਾ ਪੁਰਾਣਾ ਬੰਦਾ ਸੀ । ਉਹ ਮੁਲਕ ਦੇ ਸੁਭਾ ਦਾ ਚੰਗੀ ਤਰ੍ਹਾਂ ਜਾਣੂ ਸੀ। ਉਹ ਭਾਂਪ ਗਿਆ ਕਿ ਮੁਲਕ ਇਸ ਵੇਲੇ ਕ੍ਰੋਧ ਵਿਚ ਹੈ । ਤੇ ਲੰਬੜ ਨੂੰ ਬੁਲਾਕੇ ਉਸ ਨਾਲ ਖ਼ੈਰ ਨਹੀਂ ਕਰੇਗਾ...ਤੇ.. ਤੇ ਹੁਣ ਜਿੰਨਾਂ ਗੁੱਸਾ ਮਲਕ ਲੰਬੜ ਤੇ ਕੱਢੇਗਾ, ਉਹ ਸਾਰਾ ਮਗਰੋਂ ਉਹਦੇ ਜਿਹੇ ਗਰੀਬਾਂ ਤੇ ਹੀ ਨਿਕਲੇਗਾ । ਇਸ ਲਈ ਉਹ ਉਥੋਂ ਹਿਲਿਆ ਨਹੀਂ।

ਇਹ ਵੇਖ ਮੁਲਕ ਨੂੰ ਹੋਰ ਗੁੱਸਾ ਚੜ੍ਹ ਗਿਆ : “ਜਾਂਦਾ ਨਹੀਂ ਤੂੰ ?"

"ਹਜ਼ੂਰ ਲੰਬੜ ਸਾਰੇ ਬੰਦਿਆਂ ਨੂੰ ਲੈ ਕੇ ਮੁਰੱਬਿਆਂ ਨੂੰ ਗਿਆ ਹੋਇਆ ਏ, ਪਿਛਲੇ ਦਿਨਾਂ ਤੋਂ ਉਥੇ ਕੰਮ ਜ਼ਿਆਦਾ ਸੀ।" ਚੌਕੀਦਾਰ ਨੇ ਪਹਾੜ ਜਿੱਡਾ ਝੂਠ ਬੋਲਿਆ। ਭਾਵੇਂ ਉਹ ਜਾਣਦਾ ਸੀ ਕਿ ਜੇਕਰ ਪਾਜ ਖੁਲ੍ਹ ਗਿਆ ਤਾਂ ਉਹਦੇ ਨਾਲ ਬੁਰੀ ਹੋਵੇਗੀ । ਲੰਬੜ ਤੇ ਇਸ ਵੇਲੇ ਆਪਣੀ ਕੋਠੜੀ ਵਿੱਚ ਸੁਲਫ਼ਾ ਪੀ ਕੇ ਸੁੱਤਾ ਪਿਆ ਸੀ।

“ਮੁਰੱਬਿਆ ਨੂੰ ? ਅਜ ਕਲ ਬੀਜਾਈ ਹੋ ਰਹੀ ਏ ?"

“ਜੀ ਹਜ਼ੂਰ !...ਸਾਰੇ ਅੱਧੀ ਰਾਤੀ ਹੀ ਚਲੇ ਜਾਂਦੇ ਨੇ । ਵੇਖਦਾ ਹਾਂ, ਜੇਕਰ ਵਾਪਸ ਆ ਗਿਆ ਹੋਵੇ ਤਾਂ...

"ਹਾਂ ਦੇਖ, ਮੈਂ ਏਥੇ ਹੀ ਹਾਂ । ਜੇ ਆ ਗਿਆ ਹੋਵੇ ਤਾਂ ਉਹਨੂੰ ਨਾਲ ਲੈ ਕੇ ਜਲਦੀ ਆ। ਕਹਿ ਮਲਕ ਪਿਛੇ ਨੂੰ ਪਰਤ ਪਿਆ ।

ਲੰਬੜ ਦੀ ਕੋਠੜੀ ਦਰਖਤਾਂ ਦੇ ਇਕ ਸੰਘਣੇ ਝੁੰਡ ਵਿਚ ਸੀ । ਮਲਕ ਦੀਆਂ ਨਜ਼ਰਾਂ ਤੋਂ ਬਚਦਾ, ਡਿੰਗੇ ਟੇਢੇ ਰਸਤਿਉਂ ਹੈ ਜਦੋਂ ਚੌਂਕੀਦਾਰ ਉਥੇ ਪਹੁੰਚਿਆ ਲੰਬੜ ਜਾ ਕੇ ਉਸਲਵੱਟੇ ਭੰਨ ਰਿਹਾ ਸੀ । ਚੌਕੀਦਾਰ ਨੂੰ ਵੇਖ ਅੱਖਾਂ ਮਲਦਾ ਉਹ ਬੋਲਿਆ “ਕੀ ਗੱਲ ਏ ਉਏ, ਸਵੇਰੇ ਸਵੇਰੇ ਕਿਵੇਂ ਆਇਐਂ ?

(੫੮)