ਪੰਨਾ:Hakk paraia.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਸੋਈ ਘਰ ਵਿਚ ਆ ਜਨਕ ਭਾਵੇਂ ਪਹਿਲੇ ਵਾਂਗ ਹੀ ਕੰਮਕਾਰ ਵਿਚ ਰੱਝ ਗਈ ਸੀ ਪਰ ਪਹਿਲੇ ਵਰਗਾ ਉਤਸ਼ਾਹ ਉਸਦੇ ਵਿਚ ਨਹੀਂ ਸੀ । ਸਗੋਂ ਇੰਜ ਲਗਦਾ ਸੀ ਜਿਵੇਂ ਉਹ ਹਰ ਕੰਮ ਬੱਝੀ ਰੁੱਝੀ ਕਰ ਰਹੀ ਹੋਵੇ । ਹੁਣੇ ਹੁਣੇ ਖਿੜੇ ਫੁੱਲਾਂ ਵਾਂਗ ਟਹਿਕ ਰਿਹਾ ਉਹਦਾ ਚਿਹਰਾ, ਹੁਣ ਹਿਰਾਸਿਆ ਪਿਆ ਸੀ । ਅੱਖਾਂ ਵਿਚ ਰੁਕੇ ਹੰਝੂ ਅਜੇ ਲਿਸ਼ਕ ਰਹੇ ਸਨ । ਪਰ ਫ਼ੇਰ ਵੀ ਹਰੇਕ ਕੰਮ ਵਲ ਉਹ ਪੂਰਾ ਧਿਆਨ ਦੇ ਰਹੀ ਸੀ। ਰਸੋਈ ਘਰ ਵਿਚ ਭੋਜਨ ਤਿਆਰ ਕਰਨ ਸਮੇਂ ਲਾਪ੍ਰਵਾਹੀ ਨ ਉਸ ਆਪ ਕਦੇ ਵਰਤੀ ਸੀ ਤੇ ਨ ਹੀ ਉਹ ਕਿਸੇ ਨੌਕਰ ਦੀ ਲਾਪ੍ਰਵਾਹੀ ਸਹਾਰ ਸਕਦੀ ਸੀ। ਇਸ ਗੱਲ ਨੂੰ ਘਰ ਦੀਆਂ ਦੋਵੇਂ ਨੌਕਰਾਣੀਆਂ ਸੁਲਖਣਾ ਤੇ ਰਾਧਾ ਚੰਗੀ ਤਰ੍ਹਾਂ ਜਾਣਦੀਆਂ ਸਨ । ਸੁਲਖਣਾ ਤੇ ਆਪਣੀ ਮਾਲਕਣ ਦੇ ਸੁਭਾ ਦੀ ਬਚਪਨ ਤੋਂ ਹੀ ਜਾਣੂ ਹੈ। ਬਚਪਨ ਵਿਚ ਉਹ ਦੋਵੇਂ ਇਕੱਠੀਆਂ ਗੁੱਡੀਆਂ ਪਟੋਲੇ ਖੇਡਦੀਆਂ ਰਹੀਆਂ ਹਨ । ਉਹਦੀ ਉਮਰ ਤੇ ਮਾਲਕਣ ਦੀ ਉਮਰ ਵਿਚ ਬਹੁਤ ਥੋੜਾ ਫ਼ਰਕ ਹੈ । ਇਸ ਲਈ ਉਹਨਾਂ ਵਿਚ ਨੌਕਰਾਣੀ ਤੇ ਮਾਲਕਣ ਵਾਲਾ ਸੰਬੰਧ ਨਹੀਂ, ਸਗੋਂ ਚੰਗੀਆਂ ਸਹੇਲੀਆਂ ਵਾਲੀ ਸਾਂਝ ਹੈ । ਜਨਕ ਦੀ ਸ਼ਾਦੀ ਤੋਂ ਬਾਅਦ, ਏਹ ਜਨਕ ਦਾ ਪਿਆਰ ਤੇ ਮੋਹ ਸੀ ਜਿਹੜਾ ਉਹਨੂੰ ਸੈਦਪੁਰ ਲੈ ਆਇਆ ਸੀ। ਏਨੀ ਗੂੜ੍ਹੀ ਸਾਂਝ ਦੇ ਹੁੰਦਿਆਂ ਵੀ ਸੁਲਖਣਾ ਆਪਣੇ ਦਰਜੇ ਦਾ ਪੂਰਾ ਖਿਆਲ ਰੱਖਦੀ ਸੀ । ਹਰ ਕੰਮ ਵਿਚ ਉਹ ਜਨਕ ਦੀ ਸਲਾਹ ਲੈਣਾ ਆਪਣਾ ਫ਼ਰਜ਼ ਸਮਝਦੀ ਸੀ । ਰਸੋਈ ਦੇ ਕੰਮ ਵਿਚ ਭਾਵੇਂ ਉਹ ਪੂਰੀ ਤਾਕ ਸੀ ਪਰ ਫੇਰ ਵੀ ਗੱਲੇ ਗਲੇ ਉਹ ਮਾਲਕਣ ਦਾ ਹੁਕਮ ਉਡੀਕਦੀ । ਹਰ ਕੰਮ ਉਹਦੇ ਕਹੇ ਅਨੁਸਾਰ ਕਰਦੀ। ਅਜ ਵੀ ਉਹ ਸਾਰਾ ਕੰਮ ਮਾਲਕਣ ਨੂੰ ਪੁਛ ਪੁਛਕੇ ਕਰ ਰਹੀ ਸੀ। ਸਬਜ਼ੀਆਂ ਵਿਚ ਲੂਣ-ਮਿਰਚ ਕਿੰਨਾ ਕੁ ਪਾਣਾ ਏ ? ਹਲਵਾ ਬਣਨ ਲਈ