ਪੰਨਾ:Hakk paraia.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਹੱਛਾ ਹੱਛਾ ਛਡ ਇਹਨਾਂ ਗੱਲਾਂ ਨੂੰ । ਮੈਨੂੰ ਕੋਈ ਦਵਾ ਦੇ, ਮੈਨੂੰ ਫ਼ੇਰ ਚੱਕਰ ਪਏ ਚੜਦੇ ਨੀ ।”

"ਹੁਣ ਤੇ ਚੱਕਰ ਨਹੀਂ ਚੜਣ ਦੇਂਦੇ ਪਰ ਜ਼ਰਾ ਥੋੜੀ ਪੀਆ ਕਰ । ਇਸ ਉਮਰ ਵਿਚ ਬਹੁਤੀ ਸ਼ਰਾਬ......

"ਖੁਸ਼ੀ ਨੂੰ ਕੌਣ ਪੀਦਾ ਏ ਯਾਰ, ਐਵੇਂ ਸਵੇਰੇ .....ਮਲਕ ਨੂੰ ਸਵੇਰ ਵਾਲੀ ਘਟਨਾ ਯਾਦ ਆ ਗਈ ਸੀ, ਉਹ ਵਾਕ ਅਧੂਰਾ ਹੀ ਛੱਡ ਚੁਪ ਹੋ ਗਿਆ ।

“ਕੀ ਹੋਇਆ ਸੀ ਸਵੇਰੇ ?”

‘‘ਕੁੱਝ ਨਹੀਂ !

“ਯਾਰ ਲੁਕਾਂਦਾ ਕਿਉਂ ਏਂ ? ਮੇਰੇ ਤੇ ਵਿਸ਼ਵਾਸ਼ ਨਹੀਂ ਰਿਹਾ ?

"ਲੁਕਾ ਕਾਹਦਾ ਏ ਯਾਰ, ਐਵੇਂ ਸਵੇਰੇ ਖਿਆਲ ਆ ਗਿਆ ਕਿ ਸਾਡੇ ਪਿਛੋਂ ਏਹ ਮਹਿਲਾਂ ਹਵੇਲੀਆਂ ਉਜੜ ਈ ਜਾਣਗੀਆਂ | ਸਾਡਾ ਤੇ ਨਾਂ ਲੈਣ ਵਾਲਾ ਦੁਨੀਆਂ ਦੇ ਕੋਈ ਨਹੀਂ ਰਹਿਣਾ ।"

"ਘਾਟਾਂ ਬੰਦੇ ਨੂੰ ਚੈਨ ਨਾਲ ਜੀਉਣ ਨਹੀਂ ਦੇਂਦੀਆਂ ਯਾਰ । ਪਰ..... ਤੇ ਹਉਕਾ ਭਰ ਹਸਨ ਨੇ ਗੱਲ ਅਧੂਰੀ ਹੀ ਛੱਡ ਦਿੱਤੀ । ਵਾਤਾਵਰਨ ਬੜਾ ਬੋਝਲ ਹੋ ਗਿਆ ਸੀ। ਮਲਕ ਦਾ ਮਨ ਹੋਰ ਉਦਾਸ ਹੋ ਗਿਆ। ਹਸਨ ਸੋਚਾਂ ਵਿਚ ਗਵਾਚ ਗਿਆ।

ਅਚਾਨਕ ਸੋਚਾਂ ਵਿਚ ਗਵਾਚੇ ਹੁਸਨ ਨੂੰ ਇੰਝ ਲਗਾ ਜਿਵੇਂ ਮਲਕ ਸਿਸਕ ਰਿਹਾ ਹੋਵੇ । ਉਸਨੇ ਘਬਰਾਕੇ ਮਲਕ ਵਲ ਤਕਿਆ। ਮਲਕ ਨੇ ਆਪਣੀ ਖੱਬੀ ਬਾਹ ਨਾਲ ਆਪਣਾ ਮੂੰਹ ਢੱਕਿਆ ਹੋਇਆ ਸੀ ।

‘ਮਲਕ ਯਾਰ, ਦਿਲ ਨੂੰ ਏਨ੍ਹੀ ਲਾਇਆਂ ਕੀ ਬਣੇਗਾ, ਏਨਾ ਹੌਸਲਾ ਨਹੀਂ ਢਾਹੀ ਦਾ। ਖੁੱਦਾ ਪਾਸ ਦੁਆ ਕਰਿਆ ਕਰ, ਕਦੇ ਨ ਕਦੇ ਤੇ ਸੁਣੇਗਾ ਹੀ ਨਾ।

“ਸਾਰੀ ਉਮਰ ਲੰਘ ਗਈ ਏ ਦੁਆ ਕਰਦਿਆਂ । ਔਲਾਦ ਵਾਸਤੇ ਮੈਂ ਕੀ ਨਹੀਂ ਕੀਤਾ । ਜਾਦੂ ਟੂਣੇ ਕੀਤੇ ਨੇ, ਪੀਰ ਫਕੀਰ ਮਨਾਏ ਨੇ, ਚਲੀਹੇ ਕੱਟੇ ਨੇ । ਮੰਨਤਾ ਮੰਨੀਆ ਨੇ ਮੜ੍ਹੀ-ਮਜ਼ਾਰ ਤੇ ਨੰਗੇ ਪੈਰੀ ਜਾਂ ਜਾ ਕੇ ਸੁਖਣਾ ਸੁਖਦਾ ਰਿਹਾ। ਤੈਨੂੰ ਪਤਾ ਈ ਏ, ਤੇਰੇ ਨਾਲ ਮੈਂ ਕਿੰਨੇ ਵਰ੍ਹੇ ਧੌਂਖਲ, ਪੀਰ ਸਖੀ ਸਰਵਰ ਦੇ ਮਜ਼ਾਰ ਤੋਂ ਜਾਂਦਾ ਰਿਹਾ ਹਾਂ । ਦਾਨ

੮੬