ਪੰਨਾ:Hakk paraia.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ ।...ਪਰ ਮੇਰੇ ਕਾਤਲ ਹੋਣ ਵਾਲੀ ਗੱਲ ? ਉਹ ਤੇ ਸਾਫ਼ ਸਾਫ਼ ਕਹਿ ਰਿਹਾ ਸੀ ਮੈਂ ਉਹਦੇ ਮੁੰਡੇ ਦਾ ਕਾਤਲ ਹਾਂ । ਪਰ ਮੈਂ ਕਿਵੇਂ ਉਹਦੇ ਮੁੰਡੇ ਦਾ ਕਾਤਲ ਹਾਂ । ਮੈਂ ਤੇ ਉਹਦਾ ਮੁੰਡਾ ਵੇਖਿਆ ਤਕ ਨਹੀਂ। ਐਵੇਂ ਬਕਵਾਸ ਕਰਦਾ ਏ ਹਰਾਮੀ । ...ਉਹ ਪਾਗਲ ਵੀ ਨਹੀਂ। ਹਰਾਮੀ ਫਰੇਬ ਹੀ ਕਰਦਾ ਏ । ਕਿਸੇ ਦੇ ਮਰਨ ਤੇ ਇਸ ਤਰ੍ਹਾਂ ਕੋਈ ਪਾਗਲ ਵੀ ਹੋ ਜਾਂਦਾ ਏ ਭੱਲਾ |... ਪਰ ਹਸਨ ਕਹਿੰਦਾ ਸੀ ਔਲਾਦ ਦਾ ਦੁਖ ਬੁਰਾ ਹੁੰਦਾ ਏ। ... ਜੇ ਔਲਾਦ ਦਾ ਦੁਖ ਏਨਾਂ ਬੁਰਾ ਏ ਤਾਂ ਸਖ ਕਿਹੋ ਜਿਹਾ ਹੁੰਦਾ ਹੋਵੇਗਾ ! ਔਲਾਦ ਪਿਛੇ ਲੋਕੀਂ ਐਵੇਂ ਤੇ ਨਹੀਂ ਪਾਗਲ ਹੋਏ ਫਿਰਦੇ । ਇਸ ਕੁਦਰਤੀ ਫਲ ਦਾ ਪਤਾ ਨਹੀਂ ਕੀ ਸਵਾਦ ਏ ਕਿ ਇਸ ਤੋਂ ਵਾਂਝਾ ਮਨੁਖ ਸਦਾ ਤੜਪਦਾ ਹੀ ਰਹਿੰਦਾ ਏ । ਔਲਾਦ ਨੂੰ ਸਹਿਕਦਾ ਮਨੁੱਖ ਕੀ ਕੁੱਝ ਨਹੀਂ ਕਰਦਾ ? ਮੈਂ ਕੀ ਨਹੀਂ ਕੀਤਾ। ਪਰ ਕਾਸ਼... ਹਉਕਾ ਭਰਕੇ ਮਲਕ ਗੁੰਮ ਹੋ ਜਾਂਦਾ ਤੇ ਫੇਰ ਕਿੰਨੀ ਕਿੰਨੀ ਦੇਰ ਅਡੋਲ ਪਿਆ ਇਕ ਟੱਕ ਕੰਧਾਂ ਤੇ ਛੱਤ ਨੂੰ ਘੂਰਦਾ ਰਹਿੰਦਾ ਹੈ ।

ਜਨਕ ਭਾਵੇਂ ਸਾਰਾ ਦਿਨ ਉਹਦੇ ਕੋਲ ਹੀ ਬੈਠੀ ਰਹੀ ਸੀ, ਉਹਨੇ ਜਨਕ ਨਾਲ ਕੋਈ ਗੱਲ ਨਹੀਂ ਕੀਤੀ । ਜਨਕ ਨੇ ਇਕ ਦੋ ਵਾਰ ਕਿਸੇ ਨ ਕਿਸੇ ਬਹਾਨੇ ਉਸ ਨੂੰ ਬੁਲਾਇਆ ਸੀ ਪਰ ‘ਹੂੰ, ਹਾਂ, ਦੇ ਸਿਵਾਏ ਉਸ ਨੇ ਉਹਦੀ ਗੱਲ ਦਾ ਕੋਈ ਹੁੰਗਾਰਾ ਨਹੀਂ ਭਰਿਆ। ਸਾਰਾ ਦਿਨ ਉਹ ਆਪਣੇ ਆਪ ਵਿਚ ਹੀ ਗਵਾਚਾ ਰਿਹਾ ਸੀ ।

ਸ਼ਾਮ ਨੂੰ ਹਸਨ ਉਹਦੀ ਖ਼ਬਰ ਲੈਣ ਲਈ ਆ ਗਿਆ। ਉਸ ਵੇਲੇ ਮਲਕ ਦੀਵਾਨਖ਼ਾਨੇ ਵਿਚ ਇਕੱਲਾ ਹੀ ਸੀ । ਜਨਕ ਰਸੋਈ ਆਦਿ ਤਿਆਰ ਕਰਨ ਲਈ ਕੁੱਝ ਦੇਰ ਪਹਿਲਾਂ ਅੰਦਰ ਚਲੀ ਗਈ ਸੀ । ਹਸਨ ਨੂੰ ਵੇਖ ਮਲਕ ਦਾ ਜੀਅ ਘਬਰਾ ਗਿਆ । “ਏਹ ਹੁਣ ਕਲ ਵਾਲੀ ਗੱਲ ਛੇੜੇਗਾ ਜ਼ਰੂਰ । ਜੇ ਇਹ ਪੁਛੇਗਾ ਤਾਂ ਮੈਂ ਕੀ ਕਹਾਂਗਾ । ਮੈਂ ਗੱਲ ਦਾ ਰੁਖ ਏਸ ਪਾਸੇ ਔਣ ਹੀ ਨਹੀਂ ਦਿਆਂਗਾ । ਤੇ ਉਹਨੇ ਆਪਣੇ ਮਨ ਨਾਲ ਫੈਸਲਾ ਕਰ ਲਿਆ |

‘ਸੁਣਾ ਭਈ ਚੱਕਰ ਨਿਕਲੇ ਕਿ ਨਹੀਂ ਅਜੇ । ਹਸਨ ਨੇ ਉਹਦੇ ਚਿਹਰੇ ਨੂੰ ਗਹੁ ਨਾਲ ਵੇਖਦਿਆਂ ਆਖਿਆ : "ਆਸਾਰ ਤੇ ਕੁੱਝ ਹੱਛੇ ਹੀ ਨਜ਼ਰ ਆ ਰਹੇ ਨੇ ।

੯੧