ਪੰਨਾ:Hanju.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੧)

ਇਹ ਸਭ ਹੋਇਆ ਪਰ ਅਜੇ ਤਕ ਮਾਂ ਧੀਆਂ ਇਹ ਨਾ ਜਾਣ ਸਕੀਆਂ ਕਿ ਇਹ ਦਿਆਵਾਨ ਧਰਮਾਤਮਾ ਕੌਣ ਹੈਂ, ਜਿਸ ਨੇ ਇਹ ਬਹੁਮੁੱਲੀ ਅੰਗੂਠੀ ਸਹਿਜੇ ਹੀ ਦਾਨ ਕਰ ਦਿੱਤੀ। ਇਤਨੇ ਨੂੰ ਅਚਾਨਕ ਕੀ ਵੇਖਿਆ ਕਿ ਬਹੁਤ ਸਾਰੇ ਘੋੜ-ਸਵਾਰ ਇਧਰੋਂ ਉਧਰ ਘੋੜੇ ਦੁੜ੍ਹਾਂਦੇ ਕਿਸੇ ਦੀ ਭਾਲ ਵਿਚ ਚਲੇ ਆ ਰਹੇ ਹਨ। ਜੋ ਆਉਂਦਾ ਅਤੇ ਜਿਉਂ ਹੀ ਉਹ ਜਹਾਂਗੀਰ ਨੂੰ ਵੇਖਦਾ ਉਤਰਕੇ 'ਸ਼ਹਿਨਸ਼ਾਹ ਸਲਾਮਤ' ਕਹਿਕੇ ਸਲਾਮ ਕਰਦਾ ਅਤੇ ਅਦਬ ਨਾਲ ਇਕ ਪਾਸੇ ਖੜੋ ਜਾਂਦਾ। ਥੋੜੇ ਸਮੇਂ ਵਿਚ ਹੀ ਉਥੇ ਭੀੜ ਲਗ ਗਈ। ਇਹ ਉਹੋ ਸਭ ਲੋਕ ਸਨ ਜੋ ਸ਼ਿਕਾਰ ਦੇ ਵਕਤ ਅਚਾਨਕ ਜੰਗਲ ਵਿਚ ਬਾਦਸ਼ਾਹ ਤੋਂ ਅੱਡ ਹੋ ਗਏ ਸਨ।

ਇਸ ਦ੍ਰਿਸ਼੍ਯ ਨੂੰ ਵੇਖਣ ਉਪਰੰਤ ਬੁੱਢੀ ਮਾਈ ਨੇ ਹੱਸਕੇ ਕਿਹਾ-"ਐ ਪ੍ਰਤਾਪੀ ਰਾਹੀ! ਹੁਣ ਤੁਸੀਂ ਆਪਣੇ ਆਪ ਨੂੰ ਲੁਕੋਈ ਰਖਣ ਦਾ ਕੀ ਚਾਰਾ ਕਰੋਗੇ? ਅਤੇ ਮੇਰੇ ਸ੍ਵਰਗੀ ਸਵਾਮੀ ਦੀ ਭਵਿੱਖਬਾਣੀ ਨੂੰ ਕਿਸ ਤਰ੍ਹਾਂ ਝੂਠਾ ਸਾਬਤ ਕਰੋਗੇ? ਇਹ ਜੋ ਇਤਨੇ ਸਵਾਰ ਇਥੇ ਆ ਪਹੁੰਚੇ ਹਨ,ਇਨ੍ਹਾਂ ਦੇ ਪਹਿਰਾਵੇ ਤੇ ਰੋਹਬਦਾਬ ਤੋਂ ਪ੍ਰਤੱਖ ਪਰਗਟ ਹੋ ਰਿਹਾ ਹੈ ਕਿ ਇਹ ਕੋਈ ਬੜੇ ਬੜੇ ਅਹੁਦੇਦਾਰ ਹਨ। ਤਾਂ ਕਿ ਕਿਸੇ ਮਾਮੂਲੀ ਸਵਾਰ ਦੇ ਸਾਮ੍ਹਣੇ ਇਹ ਲੋਕ ਸਿਰ ਝੁਕਾ ਸਕਦੇ ਹਨ ਅਤੇ 'ਮਹਾਰਾਜ ਦੀ ਜੈ ਹੋਵੇ।'