ਪੰਨਾ:Hanju.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੨)

ਇਕ ਖੱਤ ਭੇਜਿਆ, ਉਸਦੇ ਉਪ੍ਰੰਤ ਹੋਰ ਕੋਈ ਚਿੱਠੀ ਨਹੀਂਂ ਆਈ। ਸੁਸ਼ੀਲਾ ਨੂੰ ਮੈਂ ਕਿਸੇ ਤਰ੍ਹਾਂ ਭੀ ਸਮਝਾ ਬੁਝਾਕੇ ਪਰਸੰਨ ਨਹੀਂਂ ਰਖ ਸਕਦੀ। ਹੋਰ ਤਾਂ ਹੋਰ, ਮੇਰਾ ਆਪਣਾ ਪੱਥਰ ਵਰਗਾ ਚਿੱਤ ਭੀ ਘਬਰਾੱ ਗਿਆ। ਹੱਸਦਿਆਂ ਖੇਡਦਿਆਂ, ਗੱਪਾਂ ਮਾਰਦਿਆਂ, ਪੁਸਤਕਾਂ ਪੜ੍ਹਦਿਆਂ ਜਿਸ ਘਰ ਵਿਚ ਦੋ ਦੋ ਪਹਿਰ ਰਾਤ ਬੀਤਣ ਪੁਰ ਵੀ ਸੌਣ ਤੇ ਜੀ ਨਹੀਂ ਸੀ ਕਰਦਾ, ਉਹੀ ਘਰ ਅੱਜ ਸੁੰਨਸਾਨ ਮਲੂਮ ਹੋਣ ਲੱਗ ਪਿਆ। ਮਾਨੋ ਸਾਰੇ ਘਰ ਨੇ ਮਾਤਮੀ ਵੇਸ ਧਾਰਿਆ ਹੋਇਆ ਹੈ।

ਇਕ ਦਿਨ ਸੁਸ਼ੀਲਾ ਦੇ ਨਾਮ ਇਕ ਚਿੱਠੀ ਆਈ, ਪ੍ਰੀਤਮ ਸਿੰਘ ਦੀ ਲਿਖੀ ਹੋਈ ਸਮਝਕੇ ਮੈਂ ਪੜ੍ਹਨ ਲੱਗੀ। ਆਹ! ਉਸ ਵਿਚ ਕੀ ਲਿਖਿਆ ਸੀ? ਪੱਥਰ ਦੀ ਤਰ੍ਹਾਂ ਉਸਦੇ ਅੱਖਰ ਕਠੋਰ ਸਨ।

ਚਿੱਠੀ ਵਿਚ ਲਿਖਿਆ ਸੀ: ਪ ਸਿੰਘ ਹੁਣ ਇਸ ਸੰਸਾਰ ਵਿਚ ਨਹੀਂ ਰਿਹਾ, ਪਲੇਗ ਨਾਲ ੨੪ ਘੰਟਿਆਂ ਵਿਚ ਹੀ ਉਸ ਦੀ ਮੌਤ ਹੋ ਗਈ। ਲਾਹੌਰ ਵਿਚ ਪ੍ਰੀਤਮ ਸਿੰਘ ਦੇ ਜੋ ਮਿੱਤਰ ਸਨ, ਉਨ੍ਹਾਂ ਨੇ ਹੀ ਇਹ ਚਿੱਠੀ ਭੇਜੀ ਸੀ। ਚਿੱਠੀ ਸੁਸ਼ੀਲਾ ਦੇ ਹੱਥ ਲਗਦੀ ਤਾਂ ਪੜ੍ਹਕੇ ਉਸ ਦੀ ਕੀ ਹਾਲਤ ਹੋਂਦੀ, ਇਹ ਸੋਚਕੇ ਮੈਂ ਨਿਸਚੇ ਕੀਤਾ ਕਿ ਇਹ ਖਬਰ ਕਿਸੇ ਨੂੰ ਭੀ ਨਹੀਂ ਦੱਸਾਂ ਗੀ, ਜਿਤਨੇ ਦਿਨ ਹੋ ਸਕੇਗਾ, ਇਸਨੂੰ ਛੁਪਾ ਰੱਖਾਂਗੀ, ਅਤੇ ਇਸ ਖਬਰ ਤੋਂ ਸੁਸ਼ੀਲਾ ਦੀ ਹੋਣ ਵਾਲੀ ਭੈੜੀ ਹਾਲਤ ਨ ਹੋਣ ਦੇਵਾਂਗੀ।