ਪੰਨਾ:Hanju.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੮)

ਲਿਆਈ, ਮਲ੍ਹਮ-ਪਣੀ ਸ਼ੁਰੂ ਹੋ ਗਈ, ਪੈਰ ਦੀ ਮਾਲਸ਼ ਹੋਣ ਲੱਗੀ, ਮਸਾਂ ਮਸਾਂ ਜਾਕੇ ਉਸਨੂੰ ਆਰਾਮ ਆਇਆ, ਤਾਂ ਘਰ ਵਿਚ ਸ਼ਾਂਤ ਹੋਈ। ਪਰ ਅਫ਼ਸੋਸ! ਕਮਲਨੀ ਮੌਤ ਦੇ ਬਸਤਰੇ ਪੁਰ ਪਈ ਅੰਤਲੀ ਘੜੀ ਦੀ ਉਡੀਕ ਕਰ ਰਹੀ ਸੀ, ਕਿਸੇ ਨੂੰ ਇਸ ਦਾ ਖਿਆਲ ਤਕ ਭੀ ਨਹੀਂ ਹੋਇਆ।

ਉਧਰ ਬਲਬੀਰ ਸਿੰਘ ਦੇ ਦਿਲ ਵਿਚ ਦਰਦ ਜਿਹਾ ਉਠ ਖਲੋਤਾ, ਉਸਦੀ ਤਬੀਅਤ ਘਬਰਾਈ, ਉਸਨੂੰ ਅਜਿਹਾ ਮਲੂਮ ਹੁੰਦਾ ਸੀ ਕਿ ਕੋਈ ਉਸਦੇ ਦਿਲ ਦੇ ਟੁਕੜੇ ਕਰਦਾ ਪਿਆ ਹੈ। ਛੇਤੀ ਨਾਲ ਇਲਾਕੇ ਦੇ ਅਫ਼ਸਰ ਪਾਸ ਗਿਆ ਤੇ ਇਕ ਹਫਤੇ ਦੀ ਛੁੱਟੀ ਮੰਗੀ। ਅਫ਼ਸਰ ਨੇ ਇਨਕਾਰ ਕਰ ਦਿਤਾ। ਬਲਬੀਰ ਸਿੰਘ ਨੇ ਅਸਤੀਫ਼ਾ ਦੇਕੇ ਰਾਤ ਦੀ ਗੱਡੀ ਘਰ ਦਾ ਰਾਹ ਫੜਿਆ। ਦਿਲ ਵਿਚ ਕਮਲਨੀ ਨੂੰ ਮਿਲਣ ਦੀ ਉਮੰਗ ਸੀ, ਦੋਹਾਂ ਬਚਿਆਂ ਨੂੰ ਵੇਖਣ ਦਾ ਸ਼ੌਕ ਸੀ।

ਇਧਰ ਰਾਤ ਹੁੰਦਿਆਂ ਹੀ ਕਮਲਨੀ ਦੀ ਹਾਲਤ ਖਰਾਬ ਹੋ ਗਈ। ਹਿੰਮਤ ਕਰਕੇ ਉੱਠੀ ਅਰ ਆਪਣੇ ਜਿਗਰ ਦੇ ਟੋਟੇ ਮਨਮੋਹਨ ਨੂੰ ਰੱਜਕੇ ਪਿਆਰ ਕੀਤਾ। ਅੱਖਾਂ ਵਿਚ ਮੌਤ ਦੀ ਤਸਵੀਰ ਫਿਰਨ ਲੱਗੀ, ਦਿਲ ਧੜਕਣ ਲੱਗਾ। ਲੇਟ ਗਈ, ਅਤੇ ਮੁਹੱਬਤ ਭਰੀਆਂ ਨਿਗਾਹਾਂ ਨਾਲ ਮਨਮੋਹਨ ਵੱਲ ਵੇਖਣ ਲੱਗੀ। ਅੱਖਾਂ ਵਿਚੋਂ ਅਥਰੂ ਨਿਕਲਕੇ ਮੂੰਹ ਉਤੋਂ ਵਹਿੰਦੇ ਹੋਏ ਗਰਦਨ ਤਕ ਪਹੁੰਚੇ, ਮਨਮੋਹਨ ਵੇਖ ਰਿਹਾ ਸੀ, ਮਾਤਾ ਦੇ ਗਲ ਨਾਲ ਲਗ ਗਿਆ। ਪਰ ਅਫ਼ਸੋਸ ਹੁਣ ਮਾਤਾ ਕਿਥੇ ਸੀ। ਜਿਸ ਨੂੰ ਉਹ ਮਾਤਾ ਕਹਿਕੇ ਬੁਲਾਉਂਦਾ! ਹੁਣ ਉਹ