ਪੰਨਾ:Hanju.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੯)

ਉਸਦਾ ਭੈ ਜਾਂਦਾ ਰਿਹਾ। ਰਾਜ-ਭਗਤੀ ਦਾ ਭਾਵ ਨਾੜ ਨਾੜ ਵਿਚ ਖੌਲ ਪਿਆ। ਅੱਖਾਂ ਚਮਕਣ ਲਗੀਆਂ, ਤਲਵਾਰ ਕਢਕੇ ਨਿਰਭੈਤਾ ਨਾਲ ਬੋਲੇ:-"ਸੰਭਲ ਕੇ ਗਲ ਕਰੋ, ਮੈਂ ਇਨਾਂ ਲਈ ਆਪਣਾ ਸਿਰ ਦੇ ਦੇਵਾਂਗਾ।”

ਸਿਪਾਹੀ ਇਕ ਤਰ੍ਹਾਂ ਨਿਰਾਸ, ਦੁਜੇ ਗਿਣਤੀ ਵਿਚ ਵਧ, ਇਸ ਗਲ ਨੂੰ ਸਹਿ ਨ ਸਕੇ। ਮਛੁਰੇ ਹੋਏ ਬਘਿਆੜ ਵਾਂਝ ਕੁਦਰਤ ਖਾਂ ਪਰ ਟੁਟ ਪਏ। ਕੁਦਰਤ ਖਾਂ ਨੇ ਯਥਾ-ਸ਼ਕਤ ਸਾਮ੍ਹਣਾ ਕੀਤਾ, ਪਰ ਛੇਤੀ ਹੀ ਮਾਰੇ ਗਏ ਇਨਾਂ ਦੀ ਇਹ ਹਾਲਤ ਵੇਖਕੇ ਗਾਡੀਵਾਨ ਗਡੀ ਛਡਕੇ ਭਜ ਗਿਆ।

ਘਣਾ ਜੰਗਲ ਸੀ, ਰਾਤ ਦਾ ਸਮਾਂ, ਇਨਾਂ ਰਾਕਸ਼ਾਂ ਨੇ ਨਰਗਸ ਨਜ਼ਰ ਅਰ ਉਸਦੀ ਮਾਂ ਦੋਹਾਂ ਦੇ ਕੋਲ ਜੋ ਕੁਝ ਸੀ, ਰਖਵਾ ਲਿਆ। ਇਤਨਾ ਹੀ ਨਹੀਂ, ਉਨ੍ਹਾਂ ਦੇ ਤਨ ਦੇ ਕਪੜੇ ਭੀ ਉਤਰਵਾ ਲਏ ਤੇ ਟੁਰ ਪਏ। ਮਾਂ ਧੀ ਦੀਆਂ ਚੀਕਾਂ ਨਿਕਲ ਗਈਆਂ। ਉਨ੍ਹਾਂ ਨੂੰ ਰੌਂਦਾ ਵੇਖਕੇ ਇਨਾਂ ਰਾਖਸ਼ਾਂ ਦਾ ਹਿਰਦਾ ਭੀ ਪਿਘਲ ਉਠਿਆ। ਇਕ ਨੇ ਨਰਗਸ ਨਜ਼ਰ ਨੂੰ ਆਪਣੇ ਘੋੜੇ ਪੁਰ ਬਿਠਾ ਲਿਆ। ਉਸ ਦਾ ਹਿਰਦਾ ਇਸ ਸਮੇਂ ਪ੍ਰੇਮ ਦਾ ਸੋਮਾ ਬਣਿਆ ਹੋਇਆ ਸੀ। ਦੂਜੇ ਨੇ ਨਰਗਸ ਨਜ਼ਰ ਦੀ ਮਾਂ ਦਾ ਹੱਥ ਫੜ ਲਿਆ। ਉਸਦੇ ਹਿਰਦੇ ਪੁਰ ਸੁੰਦਰਤਾ ਨੇ ਆਪਣੀ ਮੋਹਿਣੀ ਜਮਾ ਲਈ। ਨਰਗਸ ਨਜ਼ਰ ਅਰ ਉਸਦੀ ਮਾਂ ਦੇ ਰਾਹ ਅਡ ਅਰ ਹੋ ਗਏ।