ਪੰਨਾ:Hanju.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੭)

ਤੋਂ ਤਪਤ ਹੋਕੇ ਅੱਖਾਂ ਚੋਂ ਸੁਕ ਗਈ? ਮੈਂ ਬਿਨਾਂ ਕੁਝ ਕਹੇ ਉਠ ਬੈਠਾ। ਦੁਕਾਨ ਵਲ ਗਿਆ ਤਾਂ ਵੇਖਿਆ - ਪਿਤਾ ਜੀ ਚੁ੫ ਬੈਠੇ ਹਨ। ਕੁਝ ਹੋਰ ਆਦਮੀ ਭੀ ਬੈਠੇ ਹੋਏ ਹਨ। ਪਰ ਸਾਰੇ ਚੁੱਪ ਹਨ।

ਅਸੀ ਟੁਰ ਪਏ। ਕੁਝ ਰਿਸ਼ਤੇਦਾਰਾਂ ਨੂੰ ਲੈਕੇ ਅਸੀ ਸੂਰਜ ਲਹਿੰਦੇ ਵੇਲੇ ਪਿੰਡ ਜਾ ਪਹੁੰਚੇ। ਰਾਣੀ ਦੀ ਵਿਧਵਾ ਮਾਂ ਪਿਟ ਪਿਟਕੇ ਰੋ ਰਹੀ ਸੀ। ਸਾਮ੍ਹਣੇ ਰਾਣੀ ਦੀ ਦੇਹ ਜ਼ਮੀਨ ਪੁਰ ਵਿਛੀ ਹੋਈ ਸੀ। ਮੂੰਹ ਖੁਲ੍ਹਾ ਹੋਇਆ ਸੀ। ਉਸਦਾ ਮੂੰਹ ਜਿਹੋ ਜਿਹਾ ਅਰੋਗ ਅਵਸਥਾ ਵਿਚ ਰਹਿੰਦਾ ਸੀ, ਉਹੋ ਜਿਹਾ ਸਗੋਂ ਉਸ ਨਾਲੋਂ ਭੀ ਕਿਤੇ ਵੱਧ ਤੇਜਵਾਨ ਹੁਣ ਭੀ ਸੀ। ਉਸ ਦੀਆਂ ਅੱਖਾਂ ਬੰਦ ਸਨ! ਹਾਂ ਬੰਦ ਸਨ, ਪਰ ਰਾਣੀ ਦੀ ਅਤ੍ਰਿੱਪਤ ਅੰਤਮ-ਬਾਣੀ ਕੇਵਲ ਕੋਈ ਇਸ਼ਾਰਾ ਕਰਨ ਲਈ ਤੜਪ ਰਹੀ ਸੀ! ਉਸਦੇ ਬੁਲ੍ਹ ਇਕ ਦੂਜੇ ਨਾਲੋਂ ਜ਼ਰਾ ਕੁ ਵਿਛੜੇ ਹੋਏ ਸਨ-ਮਾਨੋਂ ਮੈਨੂੰ ਆਪਣੀ ਬਾਕੀ ਦਿਲ ਦੀ ਪੀੜਾ, ਬਾਕੀ ਪ੍ਰੇਮ-ਕਹਾਣੀ ਕਹਿਣ ਲਈ ਖੁਲ੍ਹਣਾ ਚਾਹੁੰਦੇ ਹੋਣ-ਰਾਣੀ ਦਾ ਮੂੰਹ ਕੱਜ ਦਿਤਾ ਗਿਆ। ਅੱਠ ਵਰੇ ਬੀਤ ਗਏ, ਰਾਣੀ ਦਾ ਮੂੰਹ ਚੰਗੀ ਤਰਾਂ ਨਹੀਂ ਵੇਖ ਸਕਿਆ ਸਾਂ, ਉਸ ਦੇ ਲੱਜਾ-ਵਾਨ ਮੁਖ ਉਤੇ ਚਵ੍ਹੀ ਘੰਟੇ ਈ ਘੁੰਡ ਪਿਆ ਰਹਿੰਦਾ ਸੀ। ਅੱਜ ਵੇਖਿਆ ਤੇ ਇਸ ਹਾਲਤ ਵਿਚ ਵੇਖਿਆ। ਪਿਤਾ ਜੀ ਨੇ ਕਿਹਾ-"ਕਦੀ ਨੂੰਹ ਦੇ ਪੈਰ ਦਾ ਅੰਗੂਠਾ ਤਕ ਨਹੀਂ ਵੇਖਿਆ ਸੀ, ਅੱਜ ਪਹਿਲੀ ਵਾਰ ਤੇ ਅੰਤਲੀ ਵਾਰ ਨੂੰਹ ਦਾ ਮੂੰਹ ਵੇਖ ਰਿਹਾ ਹਾਂ!"