ਪੰਨਾ:Hanju.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੯)

ਹੌਂਸਲਾ ਨਹੀਂ ਸੀ ਜਿਸ ਦੀ ਸਾਰੀ ਦਿੱਲੀ ਵਿਚ ਧੁੰਮ ਪਈ ਹੋਈ ਸੀ। ਉਸ ਵੇਲੇ ਉਹ ਘਰ ਦੀ ਮਾਲਕ ਸੀ, ਹੁਣ ਬੇਘਰ ਹੈ! ਸੇਠ ਸਹਿਬ ਨੇ ਉਸਨੂੰ ਵੇਖਿਆ ਤਾਂ ਅੱਖਾਂ ਵਿਚ ਪਾਣੀ ਡਲਕਣ ਲੱਗਾ। ਹੰਕਾਰ ਦੇ ਲੱਖਾਂ ਸ਼ੱਤਰੂ ਹਨ, ਨਿਮ੍ਰਤਾ ਦਾ ਇਕ ਭੀ ਨਹੀਂ! ਹੁਣ ਸੇਠ ਸਾਹਿਬ ਨੂੰ ਕਿਸ ਪਰ ਕ੍ਰੋਧ ਆਉਂਦਾ? ਇਕ ਬੇਘਰ ਫ਼ਕੀਰਨੀ ਪੁਰ! ਸੁਭਾਗੀ ਨੇ ਝੋਲੀ ਸੇਠ ਸਾਹਿਬ ਦੇ ਪੈਰਾਂ ਪੁਰ ਉਲਟ ਦਿਤੀ, ਅਰ ਕਿਹਾ:-"ਇਹ ਲੌ ਤੁਹਾਡੇ ਰੁਪਏ ਹਨ, ਤੁਸਾਂ ਸਾਢੇ ਚਾਰ ਸੌ ਕਿਹਾ ਸੀ, ਇਹ ਅੱਠ ਸੌ ਹਨ, ਬਾਕੀ ਵਿਆਜ ਸਮਝ ਲੌ?" ਕਿਤਨਾ ਭਾਰੀ ਅੰਤਰਾ ਹੈ! ਸੇਠ ਸਾਹਿਬ ਅਮੀਰ ਸਨ, ਸਾਢੇ ਚਾਰ ਸੌ ਨਾ ਬਖਸ਼ ਸਕੇ, ਸੁਭਾਗੀ ਗਰੀਬ ਸੀ ਉਸ ਨੇ ਸਾਢੇ ਤਿੰਨ ਸੌ ਇਸਤਰ੍ਹਾਂ ਸੁਟ ਪਾਏ ਜਿਸਤਰਾਂ ਮਿੱਟੀ ਦੇ ਢੇਲੇ। ਸੇਠ ਸਾਹਿਬ ਸ਼ਰਮਿੰਦੇ ਹੋ ਗਏ, ਲੱਜਾ ਨੇ ਮੂੰਹ ਲਾਲ ਕਰ ਦਿਤਾ। ਉਹ ਅੱਗੇ ਵਧੇ ਕਿ ਸੁਭਾਗੀ ਦੇ ਪੈਰ ਪਕੜਕੇ ਖਿਮਾਂ ਮੰਗਣ, ਕਿਉਂਕਿ ਉਨ੍ਹਾਂ ਨੂੰ ਅੱਜ ਪਹਿਲੀ ਵਾਰ ਗਿਆਨ ਹੋਇਆ ਕਿ ਇਸ ਬੁੱਢੀ ਦੇ ਦਿਲ ਵਿਚ ਆਪਣੇ ਘਰ ਲਈ ਇਤਨਾ ਮੋਹ ਭਰਿਆ ਹੈ। ਪਰ ਸੁਭਾਗੀ ਉਥੇ ਨਹੀਂ ਸੀ, ਹਾਂ ਉਸਦੇ ਰਪਏ ਫ਼ਰਸ਼ ਪੁਰ ਖਿੰਡੇ ਪਏ ਸਨ।

ਅੱਧੀ ਰਾਤ ਵੇਲੇ ਸੁਭਾਗੀ ਆਪਣੀ ਝੌਂਪੜੀ ਵਿਚ ਪਹੁੰਚੀ, ਇਸਤਰਾਂ ਜਿਵੇਂ ਕੋਈ ਚੋਰ ਹੋਵੇ!