ਪੰਨਾ:Johar khalsa.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੌਹਰ ਖਾਲਸਾ

(੯)

੧ਓ ਸ੍ਰੀ ਵਾਹਿਗੁਰੂ ਜੀ ਕੀ ਫਤਹ॥

ਜੌਹਰ ਖਾਲਸਾ


ਦੋਹਿਰਾ- ਦੀਨ ਦਰਦ ਦੁਖ ਹਰਨ ਪ੍ਰਭੁ ਕਰਤਾ ਪੁਰਖ ਅਕਾਲ ॥
ਦਾਸ ਜਾਨ ਰੱਛਾ ਕਰੋ ਬਿਘਨ ਹਰੋ ਤਤਕਾਲ ॥੧॥
ਦੋਹਿਰਾ- ਗੁਰ ਨਾਨਕ ਥੀਂ ਆਦਿ ਲੈ ਸ੍ਰੀ ਸਤਿਗੁਰ ਦਸਮੇਸ਼ ॥
ਬਾਰ ਬਾਰ ਬੰਦਨ ਕਰੌ ਸਗਲੇ ਮਿਟਹਿੰ ਕਲੇਸ਼ ॥੨॥
ਦੋਹਿਰਾ- ਵਿੱਦਯਾ ਗੁਰ ਕੋ ਬੰਦਨਾ ਕਰੋਂ ਸੁ ਹਿਤ ਚਿਤ ਲਾਇ ॥
ਨਾਮ ਦੁਸੰਧਾ ਸਿੰਘ ਜਿਨ ਤਿਨ ਪਗ ਸੀਸ ਨਿਵਾਇ ॥੩॥
ਦੋਹਿਰਾ- ਮਾਤਾ ਪਿਤਾ ਅਰ ਸੰਤ ਜਨ ਸਭ ਕਾ ਕਰ ਸਤਿਕਾਰ ॥
ਕਰੋ ਗ੍ਰੰਥ ਆਰੰਭ ਅਬ ਕੇਵਲ ਹਿਤ ਉਪਕਾਰ ॥੪॥
ਦੋਹਿਰਾ- ਪੰਥ ਗੂਰੂ ਗੁਰ ਪੰਥ ਹੈ ਏਕੋ ਰੂਪ ਪਛਾਨ ॥
ਗਾਵੋਂ ਪੰਥਕ ਗੀਤ ਨਿਤ ਪ੍ਰੇਮ ਰਿਦੇ ਮਹਿ ਠਾਨ ॥੫॥

ਬਿਜੈ ਦੰਡਕ ਛੰਦ

ਕਾਰਨ ਕਰਨ ਅਕਾਲ ਪ੍ਰਣਾਮ ਤੈਨੂੰ ਤੇਰੀ ਸ਼ਕਤੀ ਦਾ ਪਾਰਾਵਾਰ ਕੋਈ ਨ
ਤੇਰੇ ਹੁਕਮ ਅਗੇ ਵਲੀ ਪੀਰ ਯੋਧੇ ਕਿਸੇ ਵੇਲੇ ਸੱਕੇ ਦਮ ਮਾਰ ਕੋਈ ਨ
ਤੂੰ ਆਦਿ ਅਗਾਧ ਉਪਾਧ ਦੇ ਬਿਨ ਪਾ ਸਕਦਾ ਹੈ ਤੇਰਾ ਪਾਰ ਕੋਈ ਨ
ਦੇਵ ਦੈਂਤ ਸਾਰੇ ਜੀਅ ਜੰਤ ਕੀਤੇ ਤੇਰੇ ਹੁਕਮ ਦੀ ਤਾਕਤੋਂ ਬਾਹਰ ਕੋਈ ਨ
ਤੇਰੀ ਜੋਤ ਚਮਕੇ ਦਮਕੇ ਸਭ ਅੰਦਰ ਜੋਤੀ ਬਿਨਾਂ ਦਏ ਜੋਤ ਚਮਕਾਰ ਕੋਈ
ਬ੍ਰਹਮਾ ਵਿਸ਼ਨ ਤੇ ਸ਼ਿਵ ਨੇ ਦਾਸ ਤੇਰੇ ਤੇਰੀ ਸ਼ਕਤੀ ਬਿਨਾਂ ਅਵਤਾਰ ਕੋਈ ਨ
ਤੂੰ ਰਹਿਮਤਾਂ ਦਾ ਦਰਯਾਉ ਜਾਰੀ ਤੇਰੇ ਨਾਲ ਦਾ ਹੋਰ ਦਾਤਾਰ ਕੋਈ ਨ
ਤੂੰ ਰਹੀਮ ਕਰੀਮ ਬਖਸ਼ਿੰਦ ਵਡਾ ਤੇਰੀ ਕਿਸੇ ਦੇ ਨਾਲ ਹੈ ਖਾਰ ਕੋਈ ਨ
ਤੂੰ ਬਖਸ਼ਦਾ ਹੈਂ ਔਗੁਣਹਾਰਿਆਂ ਨੂੰ ਮੇਰੇ ਜਿਹਾ ਦੂਜਾ ਗੁਨ੍ਹਾਗਾਰ ਕੋਈ ਨ
ਮੇਰੇ ਅਮਲ ਦੀ ਖੋਲ੍ਹ ਕਿਤਾਬ ਵੇਖੇਂ ਹੋ ਸਕਦਾ ਮੇਰਾ ਉਧਾਰ ਕੋਈ ਨ
ਗਿਰੇਬਾਨ ਦੇ ਵਿਚ ਪਾ ਮੂੰਹ ਵੇਖਾਂ ਪੱਲਾ ਦਿਸਦਾ ਸਾਫ ਵਿਚਾਰ ਕੋਈ ਨ
ਜੇਕਰ ਅਮਲਾਂ ਉਤੇ ਹਿਸਾਬ ਹੋਯਾ ਮੇਰਾ ਜਮਾਂ ਤੋਂ ਫੇਰ ਛੁਟਕਾਰ ਕੋਈ ਨ