ਸਮੱਗਰੀ 'ਤੇ ਜਾਓ

ਪੰਨਾ:Johar khalsa.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੦)

ਜੌਹਰ ਖਾਲਸਾ


ਬੇਈਮਾਨ ਹੋਇ ਤੁਸੀਂ ਕਈ ਵਾਰੀ ਕਸਮਾਂ ਤੋੜ ਈਮਾਨ ਨੂੰ ਹਾਰ ਸੂਬੇ
ਤੁਹਾਡੀ ਦਿੱਤੀ ਜਾਗੀਰ ਦੀ ਲੋੜ ਨਾਹੀਂ ਸਾਨੂੰ ਆਸਰਾ ਹੈ ਕਰਤਾਰ ਸੂਬੇ
ਸਾਨੂੰ ਬਖਸ਼ੀਆਂ ਸਤਿਗੁਰਾਂ ਬਾਦਸ਼ਾਹੀਆਂ ਦੇਸ ਮੱਲਾਂਗੇ ਜ਼ੋਰ ਤਲਵਾਰ ਸੂਬੇ
ਈਨ ਖਾਲਸਾ ਮੰਨੇਗਾ ਕਿਸੇ ਦੀ ਨਾ ਸਦਾ ਰਹੇਗਾ ਖੁਦ ਮੁਖਤਾਰ ਸੂਬੇ
ਸਾਥੋਂ ਹਾਲੇ ਦੀ ਰੱਖ ਉਮੈਦ ਨਾ ਤੂੰ ਪੰਥ ਕਿਸੇ ਦਾ ਨਹੀਂ ਤਾਬੇਦਾਰ ਸੂਬੇ
ਸਿਰ ਪੰਥ ਦੇ ਹੱਥ ਕਰਤਾਰ ਦਾ ਏ ਪੰਥ ਝੱਲੇ ਨਾ ਕਿਸੇ ਦੀ ਆਰ ਸੂਬੇ
ਤੁਹਾਥੋਂ ਪੰਥ ਦੀ ਜੜ੍ਹ ਨਾ ਪੁੱਟੀਦੀ ਏ ਪੰਥ ਤੁਹਾਡੀਆਂ ਦੇਇ ਉਖਾਰ ਸੂਬੇ
ਸਣੇ ਜ਼ਾਲਮਾਂ ਦੇ ਜ਼ੁਲਮ ਦੂਰ ਕਰ ਨਾ ਕਰਨਾ ਧਰਮ ਦਾ ਰਾਜ ਪ੍ਰਚਾਰ ਸੂਬੇ
ਜਿੱਤ ਸਦਾ ਹੀ ਹੋਂਵਦੀ ਧਰਮੀਆਂ ਦੀ ਜ਼ੁਲਮ ਜ਼ਾਲਮਾਂ ਨੂੰ ਜਾਂਦਾ ਮਾਰ ਸੂਬੇ
ਕਈ ਮਾਰਦੇ ਪੰਥ ਨੂੰ ਮਰ ਗਏ ਨੇ ਤੂੰ ਭੀ ਮਰਨ ਨੂੰ ਹੋ ਤਿਆਰ ਸੂਬੇ
ਰਾਖਾ ਧਰਮੀਆਂ ਦਾ ਰੱਬ ਹਰ ਵੇਲੇ ਹੁੰਦੇ ਜ਼ਾਲਮ ਸਦਾ ਖਵਾਰ ਸੂਬੇ
ਅਗੇ ਘਟ ਨਾ ਤੁਸਾਂ ਨੇ ਹੈ ਕੀਤੀ ਤੂੰ ਭੀ ਲੈ ਹੁਣ ਚਾਉ ਉਤਾਰੁ ਸੂਬੇ
ਤੇਰੇ ਦਾਬਿਆਂ ਤੋਂ ਸਿੰਘ ਨਹੀਂ ਡਰਦੇ ਕਰਨੀ ਚਾਹੇ ਜੋ ਕਰ ਲੈ ਕਾਰ ਸੂਬੇ
ਬੇੜਾ ਡੁੱਬਾ ਕਿ ਡੁੱਬਾ ਕਰਤਾਰ ਸਿੰਘਾ ਜ਼ਾਲਮ ਰਾਜ ਸੰਦਾ ਮੰਝਧਾਰ ਸੂਬੇ

ਗਸ਼ਤੀ ਫੌਜਾਂ ਦੀ ਚੜ੍ਹਾਈ*

ਮੱਨੂੰ ਮੀਰ ਆਖੇ ਲੱਗ ਚੁਗਲ ਖੋਰਾਂ ਨਵੇਂ ਸਿਰਿਓਂ ਕਲਾ ਹਿਲਾ ਦਿੱਤੀ
ਫੌਜ ਪੰਜ ਹਜ਼ਾਰ ਜਹਾਨ ਖਾਂ ਦੀ ਨਾਲ ਆਪਣੀ ਹੋਰ ਰਲਾ ਦਿੱਤੀ
ਮੋਮਨ ਖਾਂ ਨੂੰ ਫੌਜ ਦਾ ਕਰ ਅਫਸਰ ਰਸਦ ਬਸਦ ਬਹੁਤੀ ਲਦਵਾ ਦਿੱਤੀ
ਖੁਰਾ ਖੋਜ ਮਿਟਾ ਦਿਓ ਖਾਲਸੇ ਦਾ ਇਹ ਸਖ਼ਤ ਤਕੀਦ ਕਰਵਾ ਦਿੱਤੀ
ਫੌਜ ਦਸ ਹਜ਼ਾਰ ਸਾਮਾਨ ਜੰਗੀ ਸਿੰਘਾਂ ਉਤੇ ਹਨੇਰੀ ਚੜ੍ਹਾ ਦਿੱਤੀ
ਚੜ੍ਹ ਪਏ ਗਿਲਜੇ ਕਰਤਾਰ ਸਿੰਘਾ ਲੁਟ ਦੇਸ ਦੇ ਵਿਚ ਮਚਾ ਦਿੱਤੀ

ਗਸ਼ਤੀ ਫੌਜ ਦਾ ਅਸਲੀ ਦਰਜਾ

ਗਸ਼ਤੀ ਫੌਜ ਆਂਹਦੇ ਲੋਕ ਓਸੇ ਤਾਈ ਚੱਕ੍ਰ ਪਿੰਡਾਂ ਦੇ ਵਿਚ ਲਗਾਉਣ ਵਾਲੀ
ਤਲਕੇ ਆਪਣੇ ਦੇ ਵਿਚ ਰਹੇ ਫਿਰਦੀ ਉਤੇ ਦੇਸ ਨਿਗਰਾਨੀ ਰਖਾਉਣ ਵਾਲੀ
ਫਿਰਦੀ ਰਹਿਨ ਕਰਕੇ ਲੋਕ ਕਹਿਣ ਗਸ਼ਤੀ ਇਕ ਥਾਂ ਨਾਹੀਂ ਡੇਰਾ ਪਾਉਣ ਵਾਲੀ
ਭਲੀ ਬੁਰੀ ਜੋ ਦੇਸ ਦੇ ਵਿਚ ਵਰਤੇ ਖਬਰ ਬਾਦਸ਼ਾਹ ਤਾਈਂ ਪੁਚਾਉਣ ਵਾਲੀ
ਜੁਲਮ ਬੇ-ਇਨਸਾਫ ਜੋ ਹੋਇ ਕਿਧਰੇ ਓਥੇ ਪਹੁੰਚ ਕੇ ਅਮਨ ਕਰਾਉਣ ਵਾਲੀ


*ਮਾਰਚ ੧੭੫੨-ਨਵੰਬਰ ੧੭੫੩ |