ਸਮੱਗਰੀ 'ਤੇ ਜਾਓ

ਪੰਨਾ:Johar khalsa.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੌਹਰ ਖਾਲਸਾ

(੧੦੩)


ਕੋਈ ਤੀਰ ਬੰਦੂਕ ਚਲਾਇ ਨਾਹੀਂ ਜੰਗ ਜੋਟੀਆਂ ਦੇ ਪਾ ਦਿਖਾਨ ਆਏ
ਦੋਹਾਂ ਪਾਸਿਆਂ ਤੋਂ ਪਰ੍ਹੇ ਬੱਝ ਗਏ ਵਿਥ ਰੱਖ ਕੇ ਸਿੰਘ ਪਠਾਨ ਆਏ
ਗਿਲਜੇ ਦੋ ਜਹਾਨ ਖਾਂ ਭੇਜ ਦਿਤੇ ਲੈ ਢਾਲ ਤਲਵਾਰ ਸੁਜਾਨ ਆਏ
ਚੜ੍ਹਤ ਸਿੰਘ ਸ੍ਰਦਾਰ ਤਿਆਰ ਹੋਇਆ ਸਿੰਘਾਂ ਵਰਜਿਆ ਹੋਰ ਜਵਾਨ ਆਏ
ਲੱਖਾ ਸਿੰਘ ਭਰਾ ਸੁਖਾ ਸਿੰਘ ਦਾ ਸੀ ਅੱਘੜ ਸਿੰਘ ਇਹ ਦੋਇ ਮਦਾਨ ਆਏ
ਚਾਰ ਗਿਲਜੇ ਤੇ ਸਿੰਘ ਦੋ ਨਿਕਲੇ ਧਰਮ ਯੁਧ ਜਵਾਨ ਮਚਾਨ ਆਏ
ਆਪੋ ਆਪਣੇ ਜੌਹਰ ਕਰਤਾਰ ਸਿੰਘਾ ਦਿਖਲਾ ਕੇ ਕਰਨ ਘਮਸਾਨ ਆਏ

ਧਰਮ ਯੁੱਧ

ਓਧਰ ਗਿਲਜੇ ਬੜੇ ਦਲੇਰ ਬਾਂਕੇ ਏਧਰ ਸਿੰਘ ਭੀ ਧਨੀ ਤਲਵਾਰ ਸਮਝੋ
ਗਿਲਜੇ ਨਾਲ ਸੰਜੋਆਂ ਦੇ ਮੜ੍ਹੇ ਹੋਏ ਸਿਰੋਂ ਪੈਰਾਂ ਤੋੜੀ ਲੋਹਾ ਢਾਰ ਸਮਝੋ
ਏਧਰ ਸਿੰਘ ਸਾਦੇ ਕੋਈ ਨ ਜ਼ਿਰਾਬਖਤਰ ਓਟ ਤੇਗ ਦੀ ਭਰੇ ਬਲਕਾਰ ਸਮਝੋ
ਮਾਰ ਚੁੰਗੀਆਂ ਸ਼ੇਰਾਂ ਦੇ ਵਾਂਗ ਪਏ ਤੇਗਾਂ ਖੜਕ ਪਈਆਂ ਹੋਏ ਵਾਰ ਸਮਝੋ
ਚੰਗੇ ਜਾਣਦੇ ਹੱਥ ਪਲੱਥਿਆਂ ਨੂੰ ਆਪੋ ਆਪਣੇ ਥਾਂ ਹੁਸ਼ਿਆਰ ਸਮਝੋ
ਫਿਰਨ ਕੁੱਦਦੇ ਮਿਰਗਾਂ ਦੇ ਵਾਂਗ ਸਾਰੇ ਓਟ ਢਾਲ ਲੈ ਚੋਟ ਸੰਭਾਰ ਸਮਝੋ
ਪੈਰ ਜ਼ਿਮੀਂ ਤੇ ਧਰਦੇ ਦਿਸਦੇ ਨ ਅੱਖਾਂ ਲਾਲ ਚਿਹਰੇ ਅੰਗਿਆਰ ਸਮਝੋ
ਤੇਰਾ ਢਾਲਾਂ ਉਤੇ ਖਟਾ ਖੱਟ ਵੱਜਣ ਘਾੜ ਘੜਦੇ ਜਿਵੇਂ ਠਠਿਆਰ ਸਮਝੋ
ਦੂੰਹ ਘੜੀਆਂ ਦੇ ਵਿਚ ਦੋਹਾਂ ਸਿੰਘਾਂ ਚਾਰੇ ਗਿਲਜੇ ਕੀਤੇ ਸਥਾਰ ਸਮਝੋ
ਉਹ ਚਾਰ ਲਏ ਸਿੰਘਾ ਮਾਰ ਝਬਦੇ ਚਾਰ ਹੋਰ ਆਏ ਬਲ ਧਾਰ ਸਮਝੋ
ਉਹ ਵੀ ਜਦ ਸਿੰਘਾਂ ਢੇਰੀ ਕਰ ਦਿਤੇ ਸਕੇ ਗਿਲਜੇ ਨਾਹਿ ਸੰਭਾਰ ਸਮਝੋ
ਚਾਰ ਸਿੰਘ ਤੇ ਗਿਲਜੇ ਮਰੇ ਬਾਰਾਂ ਧਰਮ ਯੁਧ ਦੇ ਵਿਚ ਵਿਚਾਰ ਸਮਝੋ
ਕੀਤੇ ਕੌਲ ਇਕਰਾਰ ਵਿਸਾਰ ਕਰਕੇ ਕੁੱਦ ਪਏ ਸਾਰੇ ਖਾ ਕੇ ਖਾਰ ਸਮਝੋ
ਚੱਲ ਪਈ ਦੁਤਰਫ ਥੀਂ ਮਹਾਂ ਕਾਲੀ ਭਿੜੇ ਸੂਰਮੇ ਸੰਗ ਉਤਾਰ ਸਮਝੋ
ਲਹਿ ਗਏ ਸਥਾਰ ਕਰਤਾਰ ਸਿੰਘਾ ਡਿੱਗੇ ਪੈਦਲ ਅਤੇ ਅਸਵਾਰ ਸਮਝੋ

ਮੁਸਲਮਾਨਾਂ ਨੂੰ ਹਾਰ

ਜਦੋਂ ਭੜਕਿਆ ਜੰਗ ਦੋਤਰਫ ਤੋਂ ਆ ਭਾਣਾ ਹੋਰ ਕਰਤਾਰ ਵਰਤਾਯਾ ਜੀ
ਪੱਟੀ ਵਲੋਂ ਨਵਾਬ ਕਪੂਰ ਸਿੰਘ ਨੇ ਆ ਝਟ ਘਮਸਾਨ ਮਚਾਯਾ ਜੀ
ਦੋ ਹਜ਼ਾਰ ਜਵਾਨ ਸੀ ਨਾਲ ਓਹਦੇ ਪਾਸਾ ਆਣ ਨਵਾਬ ਉਲਟਾਯਾ ਜੀ
ਜ਼ੋਰ ਸਿੰਘਾਂ ਦਾ ਪਿਆ ਮੈਦਾਨ ਅੰਦਰ ਵੇਖ ਖਾਨ ਜਹਾਨ ਘਬਰਾਯਾ ਜੀ