ਪੰਨਾ:Johar khalsa.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦੪

ਜੋਹਰ ਖਾਲਸਾ


ਪਿੱਠ ਦੇ ਕੇ ਛੱਡ ਮੈਦਾਨ ਨੱਠਾ ਮੂੰਹ ਵੱਲ ਲਾਹੌਰ ਪਰਤਾਯਾ ਜੀ
ਮਾਰ ਸਿੰਘਾਂ ਨੂੰ ਆਇ ਕਰਤਾਰ ਸਿੰਘਾ ਮੀਰ ਮੰਨੂੰ ਨੂੰ ਜਾਇ ਸੁਣਾਯਾ ਜੀ

ਵਾਕ ਕਵੀ

ਤਿੰਨ ਮਾਂਹ ਜਹਾਨ ਖਾਂ ਰਿਹਾ ਫਿਰਦਾ ਪਿੱਛੇ ਸਿੰਘਾਂ ਦੇ ਫੌਜ ਲਗਾਇ ਭਾਈ
ਸਰਯਾ ਕਾਜ਼ ਨ ਕੁਝ ਭੀ ਓਸ ਪਾਸੋਂ ਸਾਥੀ ਸੈਂਕੜੇ ਗਿਆ ਮਰਵਾਇ ਭਾਈ
ਮਾਝਾ ਦੇਸ ਉਜਾੜ ਬਰਬਾਦ ਕੀਤਾ ਹੂੰਝਾ ਜ਼ੁਲਮ ਦਾ ਫੇਰ ਸਬਾਇ ਭਾਈ
ਅਗੇ ਅਗੇ ਫਿਰਦੇ ਰਹੇ ਸਿੰਘ ਸੂਰੇ ਪਿੱਛੇ ਗਿਲਜੇ ਰਹੇ ਫਿਰ ਆਇ ਭਾਈ
ਸਿੰਘ ਦਾਣਾ ਪੱਠਾ ਸਿਰਫ ਘਾਸ ਲੈਂਦੇ ਚੀਜ਼ ਛੇੜਦੇ ਹੋਰ ਨ ਕਾਇ ਭਾਈ
ਗਿਲਜੇ ਅਤੇ ਪਠਾਨ ਬੇਦਰਦ ਵਹਿਸ਼ੀ ਦਿਤੇ ਪਿੰਡ ਬਰਬਾਦ ਕਰਾਇ ਭਾਈ
ਜਿਹੜੇ ਰਾਹ ਲੰਘੇ ਗਏ ਉਜਾੜ ਕਰਦੇ ਪਿੰਡੀਂ ਵੜ ਘਰ ਫੋਲ ਫੁਲਾਇ ਭਾਈ
ਗਊ ਬੱਕਰਾ ਛੱਤਰਾ ਬੱਕਰੀ ਜੀ ਚੁਣ ਗਏ ਪਿੰਡਾਂ ਵਿਚੋਂ ਖਾਇ ਭਾਈ
ਜ਼ਰ ਨਕਦੀ ਕੱਪੜਾ ਛੱਡਯਾ ਨ ਦੁਖੀ ਲੋਕ ਹੋ ਰਹੇ ਕੁਰਲਾਇ ਭਾਈ
ਧੀਆਂ ਭੈਣਾਂ ਖੋਹ ਕਰਨ ਬੇਪਤੀਆਂ ਜੀ ਰਹੇ ਦੇਸ, ਹਾਕਮ ਲੁਟਵਾਇ ਭਾਈ
ਕਿਧੇ ਪਾਸ ਜਾ ਕੋਈ ਫਰਯਾਦ ਕਰੇ ਵਾੜ ਖੇਤ ਨੂੰ ਹੀ ਰਹੀ ਖਾਇ ਭਾਈ
ਪਰਜਾ ਦੁਖੀ ਹੋ ਰਹੀ ਕਰਤਾਰ ਸਿੰਘਾ ਪੇਸ਼ ਕਿਸੇ ਦੀ ਕਿਤੇ ਨ ਜਾਇ ਭਾਈ

ਵਿਚਾਰ

ਜਦੋਂ ਹਾਕਮ ਬੇ ਇਨਸਾਫ ਹੋਵਨ ਫੇਰ ਦੇਸ ਦੇ ਤਾਈਂ ਵਸਾਇ ਕਿਹੜਾ
ਜਦੋਂ ਖੇਤ ਨੂੰ ਉਠ ਕੇ ਵਾੜ ਖਾਵੇ ਖਾਂਦੇ ਪਸ਼ੂਆਂ ਤਾਈਂ ਹਟਾਇ ਕਿਹੜਾ
ਮਾਂ ਬਾਪ ਜਾਂ ਪੁੱਤ ਨੂੰ ਦੇਣ ਮੌਹਰਾ ਦੂਜਾ ਦਰਦੀ ਹੋਇ ਬਚਾਇ ਕਿਹੜਾ
ਵੱਢੀ ਖੋਰ ਅਦਾਲਤਾਂ ਜਦੋਂ ਹੋਵਣ ਇਨਸਾਫ ਝੋਲੀ ਵਿਚ ਪਾਇ ਕਿਹੜਾ
ਪਹਿਰੇਦਾਰ ਜਦੋਂ ਉੱਠ ਪੈਣ ਲੁੱਟਣ ਮਾਲ ਚੋਰਾਂ ਦੇ ਪਾਸੋਂ ਰਖਾਇ ਕਿਹੜਾ
ਬੇੜਾ ਆਪ ਮਲਾਹਾਂ ਜਾਂ ਡੋਬਣਾ ਹੋਇ ਬਾਹਰੋਂ ਦੇ ਕੇ ਜੋਰ ਤਰਾਇ ਕਿਹੜਾ
ਜਦ ਮਾਰ ਉਸਤਾਦਾਂ ਨੂੰ ਵੱਗ ਜਾਵੇ ਫੇਰ ਚੇੱਲਯਾਂ ਤਾਈ ਵਰਜਾਇ ਕਿਹੜਾ
ਮੁੱਲਾਂ ਆਪ ਜੇ ਕੁਫਰ ਨੂੰ ਧਾਰ ਲਵੇ ਮਸਲਾ ਦੀਨਦਾ ਕੱਢ ਵਖਾਇ ਕਿਹੜਾ
ਪਾਂਧਾ ਆਪ ਜੇ ਮੋਹ ਦੇ ਵੱਸ ਹੋਵੇ ਸੰਥਾ ਪ੍ਰੇਮ ਸੰਤੋਖ ਪੜ੍ਹਾਇ ਕਿਹੜਾ
ਮੁਨਸਿਫ ਆਪ ਬੇਮੁਨਸਿਫੀ ਕਰੇ ਜੇਕਰ ਇਨਸਾਫ ਤੇ ਕਲਮ ਚਲਾਇ ਕਿਹੜਾ
ਬਾਦਸ਼ਾਹ ਜਦੋਂ ਬੇਈਮਾਨ ਹੋਵੇ ਦੇਸ ਵਿਚ ਈਮਾਨ ਵਧਾਇ ਕਿਹੜਾ
ਜਦ ਪੈਂਚ ਹੀ ਹੋਣ ਹਰਾਮਜ਼ਾਦੇ ਝਗੜਾ ਸੱਥ ਦਾ ਪਿਆ ਮਿਟਾਇ ਕਿਹੜਾ