ਸਮੱਗਰੀ 'ਤੇ ਜਾਓ

ਪੰਨਾ:Johar khalsa.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੌਹਰ ਖਾਲਸਾ

(੧੦੬)


ਕੁਤੇ ਛੱਡ ਦਿਤੇ ਪਿੰਡਾਂ ਵਿਚ ਸਾਰੇ ਬੁਢੇ ਬਾਲਕਾਂ ਤਾਈਂ ਫੜਾਨ ਲਗੇ
ਮਾਝੇ ਵਿਚ ਤਰਥੱਲ ਮਚਾ ਦਿਤੀ ਜ਼ਾਲਮ ਜ਼ੁਲਮ ਦੀ ਹੱਦ ਮੁਕਾਨ ਲਗੇ
ਬੁਢੇ ਬਿਰਧ ਜਿਹੜੇ ਸਿੰਘ ਹੱਥ ਔਂਦੇ ਦੁਖ ਦੇ ਕੇ ਕਤਲ ਕਰਾਨ ਲਗੇ
ਲਾਇ *ਮੁੱਲਾਂ ਮਰ੍ਹਾਜ ਦੇ ਵਿਚ ਡੇਰੇ ਫੌਜਦਾਰ ਪਿੰਡੀਂ ਚੱਕਰ ਲਾਨ ਲਗੇ
ਬੱਚੇ ਬੱਚੀਆਂ ਸਿੰਘਾਂ ਦੇ ਫੜ ਕਰਕੇ ਸਣੇ ਮਾਵਾਂ ਦੇ ਕੈਦ ਕਰਾਨ ਲਗੇ
ਆਉਣ ਫੜੀਆਂ ਔਰਤਾਂ ਪਿੰਡਾਂ ਵਿਚੋਂ ਪਾਜ਼ੀ ਉਨਾਂ ਨੂੰ ਦੁਖ ਪੁਚਾਨ ਲਗੇ
ਮਣ ਮਣ ਪੱਕੇ ਛੋਲੇ ਪੀਹਣ ਡਾਹੀਆਂ ਅਤੇ ਭੁਖੀਆਂ ਰੱਖ ਤੜਫਾਨ ਲਗੇ
ਕਾਜ਼ੀ ਮੁਲਾਂ ਕਠੇ ਹੋਕੇ ਪੜ੍ਹ ਮਸਲੇ ਕਰ ਦੀਨ ਦੀ ਸਿਫਤ ਸੁਣਾਨ ਲਗੇ
ਮੁਸਲਮਾਨੀਆਂ ਬਣੋ ਕਰਤਾਰ ਸਿੰਘਾ ਦੇਇ ਧਮਕੀਆਂ ਪਾਜ਼ੀ ਡਰਾਨ ਲਗੇ

ਸਿੰਘਣੀਆਂ ਦੇ ਹੌਂਸਲੇ

ਫੜੀਆਂ ਪਿੰਡਾਂ ਵਿਚੋਂ ਬੇਸ਼ੁਮਾਰ ਆਈਆਂ ਖੜ ਵਿਚ ਲਾਹੌਰ ਸਤਾਇ ਰਹੇ
ਬੱਚੇ ਬੱਚੀਆਂ ਸਾਹਮਣੇ ਰਖ ਭੁਖੇ ਦਿਲ ਮਾਵਾਂ ਦੇ ਦੁਖੀ ਕਰਾਇ ਰਹੇ
ਬੱਚੇ ਵਿਲਕਦੇ ਭੁਖਾਂ ਦੇ ਨਾਲ ਡਾਢੇ ਹੈਂਸਯਾਰੇ ਉਹ ਜ਼ੁਲਮ ਕਰਾਇ ਰਹੇ
ਜਾਨ ਛੁਟਦੀ ਦੀਨ ਕਬੂਲ ਕਰ ਲੌ ਕਈ ਲੋਭ ਦੇ ਡਰ ਦਿਖਾਇ ਰਹੇ
ਰਹੀਆਂ ਸਾਬਤ ਡੋਲੀਆਂ ਦੇਵੀਆਂ ਨ ਬੇਈਮਾਨ ਬਹੁ ਦੁਖ ਪਚਾਇ ਰਹੇ
ਰਾਜ਼ੀ ਭਾਣੇ ਦੇ ਵਿਚ ਕਰਤਾਰ ਸਿੰਘਾ ਦਿਨ ਬੁਰੇ ਤੋਂ ਬੁਰੇ ਹੀ ਅਇ ਰਹੇ

ਮੰਨੂੰ ਨੇ ਸਿੰਘਣੀਆਂ ਨੂੰ ਵਰਗਲਣ ਦੀ ਕੋਸ਼ਿਸ਼ ਕਰਨੀ

ਦਿਤੇ ਦੇਖ ਸਵਾਣੀਆਂ ਡੋਲੀਆਂ ਨ ਮੰਨੂੰ ਆਖਦਾ ਕਰੋ ਵਿਚਾਰ ਤੁਸੀਂ
ਕੀਹ ਸਿੰਘਾਂ ਪਾਸੋਂ ਤੁਸੀਂ ਖਟਿਆ ਏ ਹੋ ਰਹੀਆਂ ਹੋ ਬਹੁਤ ਦੁਖਯਾਰ ਤੁਸੀਂ
ਪਈ ਬਿਪਤਾ ਸਿੰਘਾਂ ਨੂੰ ਸਦਾ ਰਹਿੰਦੀ ਅੱਖੀਂ ਦੁਖ ਡਿਠੇ ਕਈ ਵਾਰ ਤੁਸੀਂ
ਪੇਟ ਭਰ ਕੇ ਖਾਣ ਨੂੰ ਮਿਲਦਾ ਨਹੀਂ ਜਰੋ ਭੁਖਾਂ ਤੇ ਦੁਖ ਹਜ਼ਾਰ ਤੁਸੀਂ
ਨਹੀਂ ਕਪੜਾ ਪਹਿਨਣੇ ਲਈ ਮਿਲਦਾ ਸਦਾ ਰਹਿੰਦੀਆਂ ਸਖਤ ਲਾਚਾਰ ਤੁਸੀਂ
ਪਈਆਂ ਭਾਜੜਾਂ ਰਹਿੰਦੀਆਂ ਖਾਲਸੇ ਨੂੰ ਕੱਟੋ ਦਿਨ ਹੋ ਬਹੁਤ ਬੇਜਾਰ ਤੁਸੀਂ
ਸਿੰਘ ਆਪ ਰੁਲਦੇ ਵਿਚ ਜੰਗਲਾਂ ਦੇ ਪਿੰਡਾਂ ਵਿਚ ਦੁਖੀ ਬਿਸਯਾਰ ਤੁਸੀਂ
ਰੰਗ ਰਾਗ ਨਸੀਬ ਨ ਤੁਸਾਂ ਨੂੰ ਨੇ ਦੁਖੀ ਰੋਂਦੀਆਂ ਰਹੁ ਜ਼ਾਰੋ ਜ਼ਾਰ ਤੁਸੀਂ
ਘਰੀ ਸਿੰਘਾਂ ਦੇ ਤੁਸਾਂ ਨੂੰ ਸੁਖ ਕਾਹਦੇ ਫਿਰੋ ਛੁਪਦੀਆਂ ਲੈ ਪ੍ਰਵਾਰ ਤੁਸੀਂ
ਕਲਮਾ ਪੜੋ ਤੇ ਦੀਨ ਕਬੂਲ ਕਰ ਲੌ ਲੁਟੋ ਮੌਜ ਬਹਿਕੇ ਦਿਨ ਚਾਰ ਤੁਸੀਂ


*ਮੁਲਾਂ ਮਰ੍ਹਾਜ ਅੰਮ੍ਰਿਤਸਰੋਂ ਲਾਹੌਰ ਨੂੰ ਜਾਂਦਿਆਂ ਖਾਸੇ ਤੋਂ ਨੇੜੇ ਹੀ ਖਬੇ ਹੱਥ ਹੈ ।