ਸਮੱਗਰੀ 'ਤੇ ਜਾਓ

ਪੰਨਾ:Johar khalsa.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੌਹਰ ਖਾਲਸਾ

(੧੦੭)


ਘਰੀਂ ਖਾਨਾਂ ਦੀ ਬੇਗਮਾਂ ਬਣ ਬੈਠੋ ਲਾਓ ਜਿਸਮ ਤੇ ਹਾਰ ਸ਼ਿੰਗਾਰ ਤੁਸੀਂ
ਖਾਓ ਨਾਨ ਕਬਾਬ ਪੁਲਾ ਜ਼ਰਦੇ ਕਰੋ ਹੁਕਮ ਹਾਸਲ ਘਰ ਬਾਰ ਤੁਸੀਂ
ਨਿਕਲ ਦੋਜ਼ਖੋਂ ਹੋਵੋ ਬਹਿਸ਼ਤ ਦਾਖਲ ਦੇਖੋ ਦੀਨ ਦੀ ਹੁਣ ਗੁਲਜ਼ਾਰ ਤੁਸੀਂ
ਪਿਛੇ ਉਮਰਾਂ ਤੁਸਾਂ ਗਵਾਇ ਲਈਆਂ ਰਹੀਆਂ ਬਦਨਸੀਬ ਗਵਾਰ ਤੁਸੀਂ
ਪਹਿਨੋ ਪੱਟ ਜ਼ਰੀਆਂ ਖਾਓ ਨਾਨ ਕੁਲਚੇ ਛਡੋ ਸਿਖੀ ਦਲਿੱਦਰੀ ਭਾਰ ਤੁਸੀਂ
ਮੁਸਲਮਾਨੀਆਂ ਬਣੋ ਕਰਤਾਰ ਸਿੰਘਾ ਲਵੇ ਮਹਿਲਾਂ ਦੀ ਮੌਜ ਬਹਾਰ ਤੁਸੀਂ

ਤਥਾ

ਭੁਖ ਨੰਗ ਬਿਨਾਂ ਸਿੰਘਾਂ ਦੇ ਪਾਸ ਕੀ ਏ ਮੁਸਲਮਾਨਾ ਦੇ ਘਰ ਸ੍ਰਦਾਰੀਆਂ ਨੇ
ਸਿੰਘ ਭੂਤਨੇ ਜਿਸਮ ਤੇ ਵਾਲ ਸਾਰੇ ਜਿਵੇਂ ਗਿਰਦ ਖੇਤਾਂ ਹੋਣ ਝਾੜੀਆਂ ਨੇ
ਕੱਛਾਂ ਪਾਟੀਆਂ ਤੇ ਸਦਾ ਰਹਿਣ ਗੰਦੇ ਪਈਆਂ ਰਹਿਣ ਮੁਸੀਬਤਾਂ ਭਾਰੀਆਂ ਨੇ
ਮੁਸਲਮਾਨ ਕਹੇ ਸੋਹਣੇ ਸਾਫ ਸੁਥਰੇ ਦੇਹਾਂ ਸਾਫ ਕਰ ਖੂਬ ਸਵਾਰੀਆਂ ਨੇ
ਨਾਲੇ ਦੀਨ ਇਸਲਾਮ ਹੈ ਬਹੁਤ ਸੱਚਾ ਰਬ ਬਰਕਤਾਂ ਦਿਤੀਆਂ ਭਾਰੀਆਂ ਨੇ
ਮੁਸਲਮਾਨ ਜਹਾਨ ਤੇ ਸੁੱਖ ਭੋਗਣ ਪਈਆਂ ਸਿਖੜਿਆਂ ਤਾਈਂ ਖੁਆਰੀਆਂ ਨੇ
ਛਡੋ ਸਿੰਘਾਂ ਦੀ ਆਸ ਤੇ ਪੜ੍ਹੋ ਕਲਮਾਂ ਬਣੋ ਬੇਗਮਾਂ ਸਚ ਉਚਾਰੀਆਂ ਨੇ
ਸਿੰਘ ਗਏ ਦੇਸੋਂ ਆਉਣ ਪਰਤ ਕੇ ਨ ਜੜ੍ਹਾਂ ਫੜਕੇ ਅਸਾਂ ਉਖਾਰੀਆਂ ਨੇ
ਤੁਹਾਡੀ ਕਿਸੇ ਇਮਦਾਦ ਨ ਮੂਲਕਰਨੀ ਸਿੰਘ ਉਡਗਏ ਮਾਰ ਉਡਾਰੀਆਂ ਨੇ
ਗੱਲਾਂ ਸੁਣਕੇ ਇਹ ਕਰਤਾਰ ਸਿੰਘਾ ਰੋਹ ਵਿਚ ਅਗੋਂ ਅੱਖਾਂ ਤਾੜੀਆਂ ਨੇ

ਸਿੰਘਣੀਆਂ

ਅਗੋ ਬੋਲੀਆਂ ਗੱਜਸੁਵਾਣੀਆਂ ਓਹ ਦਾਉ ਜ਼ਾਲਿਮੋਂ ਤੁਸਾਂ ਦੇ ਖਾਂਦੀਆਂ ਨਹੀਂ
ਜ਼ੁਲਮ ਕਰ ਲਵੋ ਜਿੰਨੇ ਕਰ ਸਕੋ ਅਸੀਂ ਡਰ ਕੇ ਦਿਲ ਡੋਲਾਂਦੀਆਂ ਨਹੀਂ
ਸਾਨੂੰ ਦੀਨ ਕਬੂਲ ਨਹੀਂ ਕਦੇ ਸੁਣਲੌ ਸਿਖੀ ਸਿਦਕ ਤਾਈ ਦਾਗ ਲਾਂਦੀਆਂ ਨਹੀਂ
ਮੰਜ਼ਲ ਗੁਰਸਿਖਾਂ ਵਾਲੀ ਬਹੁਤ ਉਚੀ ਡਿੱਗ ਉਪਰੋਂ ਨੀਚੇ ਨੂੰ ਜਾਂਦੀਆਂ ਨਹੀਂ
ਸਿੰਘਾਂ ਨਾਲ ਗ੍ਰੀਬੀ ਬਹਿਸ਼ਤ ਵਰਗੀ ਧਨਾਂ ਦੌਲਤਾਂ ਨੂੰ ਅਸੀਂ ਚਾਂਹਦੀਆਂ ਨਹੀਂ
ਸਿੰਘ ਬਲੀ ਯੋਧੇ ਸਾਬਤ ਰਹਿਣ ਸੂਰਤ ਕੌਮਾਂ ਹੋਰ ਉਹ ਸ਼ਾਨ ਰਖਾਂਦੀਆਂ ਨਹੀਂ
ਸਿੰਘ ਸ਼ੇਰ ਤੇ ਤੁਸੀਂ ਹੋ ਗੀਦੀ ਗਿੱਦੜ ਨਜ਼ਰ ਤੁਸਾਂਵਲੇ ਅਸੀਂ ਪਾਂਦੀਆਂ ਨਹੀਂ
ਸਾਨੂੰ ਸਿੱਖੀ ਦਾ ਸੱਥਰ ਹੈ ਬਹੁਤ ਚੰਗਾ ਅਸੀਂ ਹਾਰਸ਼ਿੰਗਾਰ ਸਜਾਂਦੀਆ ਨਹੀਂ
ਤੁਹਾਡੇ ਰਾਜ ਤੇ ਭਾਗ ਦੇ ਸਿਰ ਛਿੱਤਰ ਅਸੀਂ ਧਰਮ ਨੂੰ ਕਦੇ ਤਜਾਂਦੀਆਂ ਨਹੀਂ
ਭੁਖ ਨੰਗ ਚੰਗੀ ਸਾਨੂੰ ਧਰਮ ਅੰਦਰ ਬੇਹੱਯਾ ਬੇਸ਼ਰਮ ਅਖਵਾਂਦੀਆਂ ਨਹੀਂ