(੧੦)
ਜੌਹਰ ਖਾਲਸਾ
ਤੇਰੇ ਰਹਿਮ ਦੇ ਬਿਨਾਂ ਨ ਆਸ ਦੂਜੀ ਪੂੰਜੀ ਨਾਮ ਦੀ ਰੱਖੀ ਸੰਭਾਰ ਕੋਈ ਨ
ਨ ਜਪ, ਨ ਤਪ, ਨ ਬ੍ਰਤ ਕੋਈ ਦਯਾ ਦਾਨ ਦਾ ਪਾਸ ਭੰਡਾਰ ਕੋਈ ਨ
ਇਕੋ ਆਸ ਹੈ ਤਾਂ ਤੇਰੇ ਰਹਿਮ ਦੀ ਹੈ ਦੇਵੀ ਦਿਓਤ੍ਯਾਂ ਤੇ ਇਤਬਾਰ ਕੋਈ ਨ
ਬੇੜਾਪਾਰ ਕਰਦਈਂ ਕਰਤਾਰ ਸਿੰਘ ਦਾ ਵਿਘਨਆਣਪਏ ਵਿਚਕਾਰਕੋਈ ਨ
ਤਥਾ
ਦੀਨਾਨਾਥ ਤੇਰੇ ਦਰ ਆਣ ਡਿੱਗਾ ਮਿਹਰਬਾਨ ਤੇਰੇ ਵਲ ਧਿਆਨ ਕਰਨਾ
ਮੇਰੀ ਆਸ ਮੁਰਾਦ ਤੂੰ ਕਰ ਪੂਰੀ ਦੂਰ ਮੁਸ਼ਕਲਾਂ ਨੂੰ ਮਿਹਰਬਾਨ ਕਰਨਾ
ਮੈਨੂੰ ਬਖਸ਼ਣਾ ਸ਼ੇਅਰ ਦਾ ਬਹਿਰ ਭਾਰਾ ਹਰ ਕੰਮ ਦੇ ਤਾਈਂ ਆਸਾਨ ਕਰਨਾ
ਮੇਰੇ ਸ਼ੇਅਰ ਦੇ ਵਿਚ ਤਾਸੀਰ ਭਰਨੀ ਚੰਗਾ ਅਸਰ ਕੋਈ ਵਿਚ ਜ਼ਬਾਨ ਕਰਨਾ
ਹੋਵੇ ਪੰਥ ਦੇ ਵਿਚ ਮਨਜ਼ੂਰ ਲਿਖਿਆ ਮੇਰਾ ਸ਼ੇਅਰ ਮਸ਼ਹੂਰ ਜਹਾਨ ਕਰਨਾ
ਔਖਾਸ਼ੇਅਰ ਦਾ ਲਿਖਣਾ ਹੋਇਨਾਹੀਂ ਭਾਰਾ ਸ਼ਾਇਰੀਦਾ ਮੈਨੂੰ ਦਾਨ ਕਰਨਾ
ਮੁਢੋਂ ਚਲਿਆ ਜਿਵੇਂ ਪ੍ਰਵਾਹ ਆਯਾ ਦਿਨੋਂ ਦਿਨ ਦੂਣਾ ਭਗਵਾਨ ਕਰਨਾ
ਖੁਲ੍ਹਾ ਬਖਸ਼ਿਆ ਜਿਵੇਂ ਭੰਡਾਰ ਅਗੇ ਬਖਸ਼ੀ ਰਖਣਾ ਬੰਦ ਨਾ ਜਾਨ ਕਰਨਾ
ਬਾਲਪਨ ਤੋਂ ਲੱਗਾ ਜੋ ਸ਼ੌਕ ਮੈਨੂੰ ਪੂਰਾ ਓਸ ਨੂੰ ਸਿਰੇ ਚੜ੍ਹਾਨ ਕਰਨਾ
ਗੁਰੂਪੰਥਦਾ ਯਸ ਕਰਤਾਰ ਸਿੰਘ ਗਾਉਂਦਾ ਰਹਾਂ ਇਹ ਦਾਨ ਮਹਾਨ ਕਰਨਾ
ਸਤਿਗੁਰਾਂ ਦੇ ਪਾਸ ਬੇਨਤੀ
ਸ੍ਰੀ ਸਤਿਗੁਰੋ ਦਸੋਂ ਸਰੂਪ ਇਕੋ ਮੇਰਾ ਤਿਮਰ ਅਗਿਆਨ ਮਿਟਾ ਦੇਣਾ
ਹੋਵੇ ਦੂਰ ਅਗਿਆਨ ਦਾ ਸਭ ਪੜਦਾ ਨਿਜ ਰੂਪ ਸਰੂਪ ਦਿਖਾ ਦੇਣਾ
ਜੋਤ ਜੋਤ ਦੇ ਵਿਚ ਪ੍ਰਕਾਸ਼ ਕਰਨੀ ਭਰਮ ਭੇਦ ਨਿਖੇਧ ਉਡਾ ਦੇਣਾ
ਰੌਸ਼ਨ ਹੋਏ ਜ਼ਮੀਰ ਕਸੀਰ ਮੇਰਾ ਵਿਚੋਂ ਹਉਮੈ ਦੀ ਕੰਧ ਨੂੰ ਢਾਹ ਦੇਣਾ
ਗੋਤਾ ਖਾਂ ਨਾ ਵਹਿਮ ਦਰਯਾ ਅੰਦਰ ਨਿਸਚਾ ਰੂਪ ਚਰਾਗ ਜਗਾ ਦੇਣਾ
ਕਰਨੀ ਮਿਹਰ ਤੂੰ ਮਿਹਰ ਦੇ ਦਾਤਿਆ ਜੀ ਫੜਨੀ ਬਾਂਹ ਨ ਪਰ੍ਹਾਂ ਧਕਾ ਦੇਣਾ
ਕੌਡੇ ਰਾਕਸ਼ ਨੂੰ ਜਿਵੇਂ ਤਾਰਿਆ ਸੀ ਮੈਨੂੰ ਰਾਕਸ਼ੋਂ ਦੇਵ ਬਣਾ ਦੇਣਾ
ਰੀਠੇ ਅੱਕ ਮਿਠੇ ਕੀਤੇ ਜਿਸ ਤਰ੍ਹਾਂ ਤੂੰ ਮੇਰੀ ਹਸਤੀ ਨੂੰ ਤਿਵੇਂ ਪਲਟਾ ਦੇਣਾ
ਕੀਤੇ ਮਾਨੁਸ਼ਾਂ ਤੋਂ ਦੇਵ ਗੁਰੂ ਮੇਰੇ ਪਸ਼ੂ ਢੋਰ ਨੂੰ ਗਿਆਨ ਜਤਾ ਦੇਣਾ
ਜਿਵੇਂ ਮੱਖਣ ਸ਼ਾਹ ਦੀ ਰੱਖ ਕੀਤੀ ਤਿਵੇਂ ਬੇੜਾ ਮੇਰਾ ਬੰਨੇ ਲਾ ਦੇਣਾ
ਜਾਨੀ ਤਾਈਂ ਮਿਲਾਯਾ ਸੀ ਜਿਵੇਂ ਜਾਨੀ ਜਾਨੀ ਮੇਰਾ ਭੀ ਮੈਨੂੰ ਮਿਲਾ ਦੇਣਾ
ਬਾਦਸ਼ਾਹੀਆਂ ਬਖਸ਼ੀਆਂ ਕੰਗਲਿਆਂ ਨੂੰ ਤਿਵੇਂ ਖੈਰ ਝੋਲੀ ਮੇਰੀ ਪਾ ਦੇਣਾ