ਪੰਨਾ:Johar khalsa.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੌਹਰ ਖਾਲਸਾ

(੧੧੧)


ਤੀਜੇ ਦਿਨ ਬੱਚਾ ਭੁਖ ਰੋਇ ਪਿਆ ਸੁਣਿਆਂ ਇਕ ਸੱਯਦ ਕੰਨ ਲਾ ਕਰਕੇ
ਮੋਮਨ ਖਾਂ ਨੂੰ ਸੱਦ ਕੇ ਲੈ ਆਇਆ ਫੜੀ ਸਿੰਘਣੀ ਖੇਤ ਫੁਲਾ ਕਰਕੇ
ਬੱਚਾ ਵਿਲਕਦਾ ਜ਼ਾਲਮਾਂ ਕਤਲ ਕੀਤਾ ਸਿਰੋਂ ਰੱਬ ਦਾ ਖੌਫ ਹਟਾ ਕਰਕੇ
ਏਸੇ ਤਰ੍ਹਾਂ ਬਹੁਤੇ ਜ਼ੁਲਮ ਤਦੋਂ ਹੋਏ ਗਈਆਂ ਔਰਤਾਂ ਬਚ ਬਚਾ ਕਰਕੇ
ਵਿਚ ਮਾਲਵੇ ਜਾ ਕਰਤਾਰ ਸਿੰਘਾ ਰੋਈਆਂ ਸਿੰਘਾਂ ਨੂੰ ਦੁਖ ਸੁਣਾ ਕਰਕੇ

ਸਿੰਘਣੀਆਂ ਨੇ ਮਾਲਵੇ ਵਿਚ ਪਹੁੰਚ ਆਪਣੇ ਦੁਖ ਸਿੰਘਾਂ ਨੂੰ ਦੱਸਣੇ

ਤੁਸੀਂ ਮਾਲਵੇ ਦੇ ਵਿਚ ਆਇ ਬੈਠੇ ਪਿਛੋਂ ਜ਼ਾਲਮਾਂ ਜ਼ੁਲਮ ਕਮਾਇ ਬਹੁਤੇ
ਖਾਲੀ ਪਿਆ ਮੈਦਾਨ ਪੰਜਾਬ ਅੰਦਰ ਸ਼ੋਰ ਹਾਕਮਾਂ ਹੈਨ ਉਠਾਇ ਬਹੁਤੇ
ਬੱਚੇ ਬੱਚੀਆਂ ਤੀਵੀਆਂ ਫੜ ਬੁੱਢੇ ਦੇ ਦੇ ਕੇ ਦੁਖ ਮਰਵਾਇ ਬਹੁਤੇ
ਮਾਝੇ ਵਿਚ ਭਾਰੀ ਕਹਿਰ ਵਰਤ ਰਿਹਾ ਦੁਖ ਔਰਤਾਂ ਤਾਈਂ ਪੁਚਾਇ ਬਹੁਤੇ
ਫੌਜਾਂ ਫਿਰਦੀਆਂ ਪਿੰਡਾਂ ਦੇ ਵਿਚਸਾਰੇ ਬੱਚੇ ਸਿੰਘਾਂ ਦੇ ਪਕੜ ਮੰਗਵਾਇ ਬਹੁਤੇ
ਕੋਂਹਦੇ ਬੱਕਰੇ ਵਾਂਗ ਅਞਾਣਿਆਂ ਨੂੰ ਮਾਰ ਮਾਵਾਂ ਦੀ ਝੋਲੀ ਪਵਾਇ ਬਹੁਤੇ
ਫਿਰਨ ਨੱਠੀਆਂ ਬੱਚਿਆਂ ਵਾਲੀਆਂ ਜੀ ਚਾਰ ਤਰਫ ਹੀ ਦੁਖੜੇ ਛਾਇ ਬਹੁਤੇ
ਮਾਝੇ ਵਿਚ ਤੂਫਾਨ ਹੈ ਆਯਾ ਭਾਰਾ ਬੇਗੁਨਾਹ ਹਨ ਬਾਲ ਸਤਾਇ ਬਹੁਤੇ
ਕੈਦ ਸੈਂਕੜੇ ਤੀਵੀਆਂ ਕਰ ਲਈਆਂ ਜ਼ੋਰ ਮੰਨੂੰ ਨੇ ਉਨ੍ਹਾਂ ਉਤੇ ਢਾਹਿ ਬਹੁਤੇ
ਪਹੁੰਚੋ ਝਬਦੇ ਤੁਸੀਂ ਕਰਤਾਰ ਸਿੰਘਾ ਕਰ ਜ਼ਾਲਮਾਂ ਜ਼ੁਲਮ ਦਿਖਾਇ ਬਹੁਤੇ

ਤਥਾ

ਮੌਤੋਂ ਡਰਦੇ ਮਾਝੇ ਨੂੰ ਛੱਡ ਆਇ ਲਾਂਭੇ ਆਣ ਬੈਠੇ ਤੱਕ ਦਾਓ ਸਾਰੇ
ਪਿਛੇ ਤੀਵੀਆਂ ਦੇ ਭਾ ਦੀ ਬਣੀ ਔਖੀ ਸ਼ਰਮ ਕਰਕੇ ਤੁਸੀਂ ਸ਼ਰਮਾਓ ਸਾਰੇ
ਜੇਕਰ ਮਰਨ ਤੋਂ ਡਰਕੇ ਆਣ ਬੈਠੇ ਅਗੋਂ ਸਿੰਘ ਨਾ ਹੁਣ ਅਖਵਾਓ ਸਾਰੇ
ਆਨ ਮਾਨ ਤੇ ਸ਼ਾਨ ਸਭ ਨਸ਼ਟ ਹੋਵਣ ਲੜਨ ਮਰਨ ਤੋਂ ਜੇ ਖੌਫ ਖਾਓ ਸਾਰੇ
ਛਡ ਦਿਹੋ ਹਥਿਆਰ ਕਿਰਸਾਨ ਬਣਕੇ ਫੜੋ ਜੰਘੀਆਂ ਹੱਲ ਚਲਾਓ ਸਾਰੇ
ਛਡ ਦਿਹੋ ਖਿਆਲ ਸਰਦਾਰੀਆਂ ਦੇ ਕਰੋ ਖੇਤੀਆਂ ਜੱਟ ਸਦਾਓ ਸਾਰੇ
ਪੱਗਾ ਦਿਹੋ ਅਸੀਂ ਬੰਨ੍ਹ ਲੜ ਮਰੀਏ ਬਣ ਤੀਵੀਆਂ ਘੱਘਰੇ ਪਾਓ ਸਾਰੇ
ਤੁਹਾਡੇ ਜੀਊਣ ਦਾ ਹੱਜਕੀ ਖਾਲਸਾ ਜੀ ਜ਼ਰਾ ਪਿਛ੍ਹਾਂ ਨੂੰ ਧਯਾਨ ਲਗਾਓ ਸਾਰੇ
ਬੱਚੇ ਬੱਚੀਆਂ ਔਰਤਾਂ ਤੁਸਾਂ ਦੀਆਂ ਆਈਆਂ ਵੈਰੀਆਂ ਹੱਥੀਂ ਲਜਾਓ ਸਾਰੇ
ਯਾਂ ਤੇ ਚੱਲ ਲੜ ਮਰੋ ਕਰਤਾਰ ਸਿੰਘਾ ਸਿੰਘ ਪੁਣੇ ਨੂੰ ਨਹੀਂ ਤਜਾਓ ਸਾਰੇ