ਸਮੱਗਰੀ 'ਤੇ ਜਾਓ

ਪੰਨਾ:Johar khalsa.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੨)

ਜੋਹਰ ਖਾਲਸਾ


ਸਿੰਘਾਂ ਨੇ ਸਿੰਘਣੀਆਂ ਦੇ ਦੁਖ ਸੁਣਕੇ ਮਾਲਵੇ ਵਿਚੋਂ ਧਾਈ ਕਰਨੀ

ਸਿੰਘਾਂ ਸੁਣੇ ਪੰਜਾਬ ਦੇ ਹਾਲ ਸਾਰੇ ਖੂਨ ਅੱਖੀਆਂ ਦੇ ਵਿਚ ਛਾਯਾ ਏ
ਤਾਹਨੇ ਮਾਰ ਸੂਵਾਣੀਆਂ ਜਿਗਰ ਸਾੜੇ ਉਤੇ ਜ਼ਖ਼ਮਾਂ ਲੂਣ ਛਿੜਕਾਯਾ ਏ
ਬੈਠ ਸਿੰਘਾਂ ਨੇ ਗੁਰਮਤਾ ਸੋਧਿਆ ਸੀ ਭੈੜੇ ਮੰਨੂੰ ਤੂਫਾਨ ਮਚਾਯਾ ਏ
ਫੜ ਤੀਵੀਆਂ ਬੁਢੜੇ ਬਾਲ ਬਚੇ ਬੇਗੁਨਾਹਾਂ ਨੂੰ ਮਾਰ ਮੁਕਾਯਾ ਏ
ਦੁਖ ਸਿੰਘਾਂ ਨੂੰ ਆਪਣੇ ਭੁਲ ਗਏ ਜੋਸ਼ ਦਿਲਾਂ ਦੇ ਵਿਚ ਸਮਾਯਾ ਏ
ਜਥੇ ਨੇੜਿਓਂ ਤੇੜਿਓਂ ਹੋਇ ਕੱਠੇ ਕੂਚ ਦੇਸ ਦੇ ਵਲ ਬੁਲਾਯਾ ਏ
ਮੰਨੂੰ ਕੰਨੂੰ ਦੀ ਕਰੀਏ ਸੋਧ ਚੱਲ ਕੇ ਜਿਸ ਬੜਾ ਤੂਫਾਨ ਉਠਾਯਾ ਏ
ਕੱਠਾ ਹੋ ਕੇ ਦਲ ਕਰਤਾਰ ਸਿੰਘਾ ਵਲ ਦੇਸ ਦੇ ਝੱਬਦੇ ਧਾਯਾ ਏ

ਮੀਰ ਮੰਨੂੰ ਦਾ ਮਰਨਾ

ਓਧਰ ਸਿੰਘ ਸਤਲੁਜ ਨੂੰ ਟੱਪ ਆਏ ਏਧਰ ਦੇਸ ਅੰਦਰ ਹਾਹਾ ਕਾਰ ਹੋਯਾ
ਬੇਗੁਨਾਹਾਂ ਦੀ ਸੁਣੀ ਪੁਕਾਰ ਗਈ ਹੁਕਮ ਆਣ ਕੇ ਸਖਤ ਕਰਤਾਰ ਹੋਯਾ
ਪਾਓ ਦੋਜ਼ਖੀਂ ਮੰਨੂੰ ਚੰਡਾਲ ਤਾਈਂ ਕਾਲ ਓਸਦੇ ਸਿਰ ਅਸਵਾਰ ਹੋਯਾ
ਇਕ ਦਿਨ ਸ਼ਿਕਾਰ ਨੂੰ ਨਿਕਲਿਆ ਜੀ ਵਲ ਜੰਗਲਾਂ ਕਰ ਮੁਹਾਰ ਹੋਯਾ
ਅਗੋਂ ਟੱਕਰੇ ਸਿੰਘ ਤੇ ਪਿਛ੍ਹਾਂ ਨੱਠਾ ਉੱਖੜ ਆਸਣੋਂ ਗਿਆ ਬੇਜ਼ਾਰ ਹੋਯਾ
ਡਿੱਗ ਪਿਆ ਰਕਾਬ ਵਿਚ ਪੈਰ ਅੜਿਆ ਜਾਂਦੀ ਪੇਸ਼ ਨਾ ਬੜਾ ਲਾਚਾਰ ਹੋਯਾ
ਘੋੜਾ ਡਰ ਨੱਠਾ ਵਾਹਣਾਂ ਵਿਚ ਲੈਕੇ ਮੰਨੂੰ ਧੂਹੀਦਾ ਵਾਂਗ ਮੁਰਦਾਰ ਹੋਯਾ
ਤੂੰਬੇ ਉਡ ਗਏ ਝਾੜੀਆਂ ਨਾਲ ਅੜਕੇ ਮਰਿਆ ਕੁਤੇ ਦੀ ਮੌਤ ਸ਼ੁਮਾਰ ਹੋਯਾ
ਨਾਲ ਗਿਆ ਨ ਪਾਪੀ ਦੇ ਕੁਝ ਭੀ ਜੀ ਭਾਗੀ ਦੋਜ਼ਖਾਂ ਦਾ ਗੁਨ੍ਹਾਗਾਰ ਹੋਯਾ
ਬਦੀ ਲੈਗਿਆ ਨਾਲ ਕਰਤਾਰ ਸਿੰਘਾ ਕਾਲਾ ਮੂੰਹ ਓਹਦਾ ਆਖਰਕਾਰ ਹੋਯਾ

ਸਿੰਘਾਂ ਦਾ ਧਾਵਾ

ਲੋਥ ਮੰਨੂੰ ਦੀ ਲੈ ਲਾਹੌਰ ਗਏ ਏਧਰ ਸਿੰਘਾਂ ਨੇ ਫਤਹ ਗਜਾ ਦਿਤੀ
ਪਏ ਬਿਜਲੀ ਦੇ ਵਾਂਗ ਆਨ ਕਿਧਰੋਂ ਫੌਜ ਮੰਨੂੰ ਦੀ ਮਾਰ ਖਪਾ ਦਿਤੀ
ਅਚਨਚੇਤ ਹੀ ਆ ਪਏ ਸਿੰਘ ਬਹੁਤੇ ਵਿਚ ਵੈਰੀਆਂ ਹਿਲਜੁਲੀ ਪਾ ਦਿਤੀ
ਫੌਜ ਨੱਠ ਗਈ ਛੱਡ ਠਕਾਣਿਆਂ ਨੂੰ ਪਿਛੇ ਖਾਲਸੇ ਤੇਗ ਖੜਕਾ ਦਿਤੀ
ਲੁਟ ਲਿਆ ਪੈ ਸਾਜ਼ ਸਾਮਾਨ ਸਾਰਾ ਧਰਤੀ ਖੂਨ ਦੇ ਨਾਲ ਨੁਲ੍ਹਾ ਦਿਤੀ
ਮੋਮਨ ਖਾਂ ਲਾਹੌਰ ਨੂੰ ਦੌੜ ਗਿਆ ਸ਼ੇਖੀ ਸਾਰੀ ਹੀ ਸਿੰਘਾਂ ਭੁਲਾ ਦਿਤੀ