ਸਮੱਗਰੀ 'ਤੇ ਜਾਓ

ਪੰਨਾ:Johar khalsa.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੌਹਰ ਖਾਲਸਾ

(੧੧੫)


ਮਾਰੇ ਚੁਣਕੇ ਸਿੰਘਾਂ ਨੇ ਦੇਸ ਵਿਚੋਂ ਸਿਰੋਂ ਸੱਜਰਾ ਕਰਜ਼ ਇਹ ਲਾਹਯਾ ਸੀ
ਮਿਲੇ ਜੈਸੇ ਨੂੰ ਤੈਸੇ ਕਰਤਾਰ ਸਿੰਘਾ ਧਮ੍ਹਾ ਚੁਗਲ ਖੋਰਾਂ ਸਿਰ ਛਾਯਾ ਸੀ

ਵਾਕ ਕਵੀ

ਪਿਆ ਦੇਸ ਦੇ ਵਿਚ ਜਾਂ ਆਣ ਰੌਲਾ ਬੇਗਮ ਮੋਮਨ ਖਾਂ ਚੜ੍ਹਾਇ ਦਿਤਾ
ਗਸ਼ਤੀ ਫੌਜ ਉਹਦੇ ਨਾਲ ਟੋਰ ਦਿਤੀ ਓਸ ਜ਼ਾਲਮ ਸ਼ੋਰ ਮਚਾਇ ਦਿਤਾ
ਥਾਂ ਅਮਨ ਦੇ ਪਾਈ ਬੇਅਮਨੀ ਜੀ ਗਦਰ ਦੇਸ ਦੇ ਵਿਚ ਉਠਾਇ ਦਿਤਾ
ਸਿੰਘ ਲਾਂਭ ਝੱਲਾਂ ਵਿਚ ਚਲੇ ਗਏ ਵੇਲਾ ਕਰ ਕੇ ਸਮਝ ਟਪਾਇ ਦਿਤਾ
ਮੋਮਨ ਖਾਂ ਦੇ ਹੱਥ ਨਾ ਸਿੰਘ ਆਏ ਲੁਟ ਦੇਸ ਬਰਬਾਦ ਕਰਾਇ ਦਿਤਾ
ਬੈਠਾ ਆਣ ਲਾਹੌਰ ਕਰਤਾਰ ਸਿੰਘਾ ਫਿਰਦੀ ਫੌਜ ਰਹੀ ਰੌਲਾ ਵਧਾਇ ਦਿਤਾ

ਸਰਦਾਰ ਬਾਘ ਸਿੰਘ ਦਾ ਮਰਨਾ

ਮੋਮਨ ਵਿਚ ਲਾਹੌਰ ਦੇ ਜਾ ਬੈਠਾ ਏਧਰ ਓਧਰ ਫਿਰ ਫਿਰਾ ਕਰਕੇ
ਅਗੇ ਸਿੰਘ ਰਹੀ ਪਿਛੇ ਫੌਜ ਫਿਰਦੀ ਗਲ ਪਈ ਨਾ ਜ਼ੋਰ ਵਧਾ ਕਰਕੇ
ਓਹਨੀਂ ਦਿਨੀਂ ਆਏ ਸਿੰਘ ਬਾਰ ਵਲੋਂ ਸ਼ੇਖੂ ਪੁਰੇ ਪਾਸੋਂ ਲੰਘੇ ਜਾ ਕਰਕੇ
ਓਸ ਪਰਗਣੇ ਦੇ ਜੱਟ ਉਠ ਪਏ ਸਿੰਘ ਘੇਰ ਲਏ ਜ਼ੋਰ ਦਿਖਾ ਕਰਕੇ
ਬਾਘ ਸਿੰਘ ਸ੍ਰਦਾਰ ਤੇ ਸਿੰਘ ਗਰਜਾ ਸਰਜਾ ਸਿੰਘ ਭੀ ਕਹਾਂ ਗਿਣਾ ਕਰਕੇ
ਅਗੇ ਜਥੇ ਦੇ ਆਵੰਦੇ ਚਲੇ ਹੈਸਨ ਬੇਫਿਕਰ ਦਲੀਲ ਟਿਕਾ ਕਰਕੇ
ਜੱਟਾਂ ਮੂਰਖਾਂ ਗੋਲੀ ਚਲਾ ਦਿਤੀ ਬਾਘ ਸਿੰਘ ਡਿੱਗਾ ਜ਼ਖਮ ਖਾ ਕਰਕੇ
ਸਿੰਘ ਚਾਰ ਕੁ ਹੋਰ ਭੀ ਡਿਗ ਪਏ ਅਚਨਚੇਤ ਹੀ ਜਾਨ ਗਵਾ ਕਰਕੇ
ਵੇਖ ਸਿੰਘਾਂ ਨੂੰ ਚੜ੍ਹ ਕਰੋਧ ਗਏ ਪਏ ਸੂਰਮੇ ਫਤਹ ਗਜਾ ਕਰਕੇ
ਤੇਗਾਂ ਧੂਹ ਕੇ ਪੈ ਗਏ ਜਿਸ ਵੇਲੇ ਧਰੀ ਵਾਢ ਲੈ ਗਏ ਦਬਾ ਕਰਕੇ
ਸੱਠ ਪੈਂਹਠ ਜਾਂ ਸਿੰਘਾਂ ਨੇ ਢਾਹ ਕੱਢੇ ਲਗੇ ਦੇਣ ਦੁਹਾਈ ਪਛਤਾ ਕਰਕੇ
'ਬਖਸ਼ੋ ਗੁਰੂ ਦੇ ਵਾਸਤੇ ਭੁੱਲ ਸਾਡੀ' ਲਗੇ ਕਰਨ ਤਰਲੇ ਘਿਘਿਆ ਕਰਕੇ
ਸਿੰਘਾਂ ਤੇਗ ਮਿਆਨ ਦੇ ਵਿਚ ਕੀਤੀ ਸ਼ਰਨੀ ਡਿਗਿਆਂ ਤੇ ਤਰਸ ਖਾ ਕਰਕੇ
ਬਾਘ ਸਿੰਘ ਮਰ ਗਿਆ ਕਰਤਾਰ ਸਿੰਘਾ ਜਾਂਦੀ ਪੇਸ਼ ਨ ਕਰਨ ਕੀ ਆ ਕਰਕੇ

ਸਰਦਾਰ ਜੱਸਾ ਸਿੰਘ ਨੇ ਜਥੇਦਾਰ ਬਣਨਾ

ਬਾਘ ਸਿੰਘ ਸਰਦਾਰ ਸੀ ਮੁਖੀ ਵਡਾ ਹੈਸੀ ਪੰਥ ਅੰਦਰ ਜਥੇਦਾਰ ਭਾਈ
ਬੜਾ ਸੂਰਮਾ ਬਲੀ ਦਲੇਰ ਬਾਂਕਾ ਭਜਨੀਕ ਅਤੇ ਸ਼ਾਨਦਾਰ ਭਾਈ