ਜੋਹਰ ਖਾਲਸਾ
(੧੧੭)
ਜ਼ੋਰ ਵਧਿਆ ਕਾਬਲ ਵਾਲਿਆਂ ਦਾ ਹੋਰ ਪੁੱਛਦੀ ਕਿਸੇ ਸਲਾਹ ਨ ਸੀ
ਜਹਾਂਦਾਰ ਤੇ ਖਾਨ ਜਹਾਨ ਦੋਵੇਂ ਬਣੇ ਮੱਦਦੀ ਦਿਲ ਸਫਾ ਨ ਸੀ
ਰਲਿਆ ਨਾਲ ਖੋਟਾ ਮੋਮਨ ਖਾਂ ਤੀਜਾ ਨਜ਼ਰ ਆਂਵਦਾ ਜਿਹਨੂੰ ਖੁਦਾ ਨ ਸੀ
ਦਿਤੇ ਧੱਕ ਅਮੀਰ ਲਾਹੌਰੀਏ ਜੀ ਸੁਲਾਹਕਾਰ ਕੋ ਰਿਹਾ ਉਮਰਾ ਨ ਸੀ
ਡਾਢੇ ਤੰਗ ਉਹ ਪਏ ਕਰਤਾਰ ਸਿੰਘਾ ਪੇਸ਼ ਉਨ੍ਹਾਂ ਦੀ ਜਾਂਵਦੀ ਕਾ ਨ ਸੀ
ਤਥਾ
ਤੰਗ ਬੇਗਮੋਂ ਪਏ ਅਮੀਰ ਸਾਰੇ ਵਿਚੇ ਵਿਚ ਹੀ ਓਹ ਖੁਨਸਾਇ ਰਹੇ
ਦਖਲ ਦੇਵਣਾ ਉਹ ਸਾਰੇ ਛੱਡ ਬੈਠੇ ਦਿੱਲੀ ਖਬਰਾਂ ਲਿਖ ਪੁਚਾਇ ਰਹੇ
ਓਧਰ ਖਾਲਸੇ ਨਾਲ ਭੀ ਮਿਲ ਕਰਕੇ ਗੋਂਦਾ ਗੁੱਝੀਆਂ ਕਈ ਗੁੰਦਾਇ ਰਹੇ
ਜਿਵੇਂ ਕਾਬਲੀ ਜ਼ੋਰ ਹੋ ਦੂਰ ਜਾਵੇ ਉਹ ਬਣਤਰਾਂ ਰਲ ਬਣਾਇ ਰਹੇ
ਸਾਰੇ ਬੇਗਮ ਦੇ ਬਰਖਿਲਾਫ ਹੋ ਕੇ ਸੋਚਾਂ ਵਿਚੇ ਹੀ ਵਿਚ ਸੋਚਾਇ ਰਹੇ
ਫੁਟ ਏਥੇ ਭੀ ਪਈ ਕਰਤਾਰ ਸਿੰਘਾ ਕੰਮ ਹੁੰਦੇ ਜੋ ਰੱਬ ਨੂੰ ਭਾਇ ਰਹੇ
ਜਹਾਂਦਾਰ ਤੇ ਮੋਮਨ ਖਾਂ ਦੇ ਅੱਤਿਆਚਾਰ
ਜਹਾਂਦਾਰ ਤੇ ਮੋਮਨ ਖਾਂ ਦੋਵੇਂ ਰਲ ਮਿਲ ਸਲਾਹਾਂ ਪਕਾਨ ਲਗੇ
ਤਾਜ ਤਖਤ ਦੇ ਸਿੰਘ ਨੇ ਬੜੇ ਵੈਰੀ ਓਹਨਾਂ ਤਾਈਂ ਮੁਕਾਓ ਸੁਣਾਨ ਲਗੇ
ਗਸ਼ਤੀ ਫੌਜ ਲੈਕੇ ਦੋਵੇਂ ਚੜ੍ਹ ਬੈਠੇ ਸਿੰਘ ਲਾਂਭ ਹੋ ਝਟ ਲੰਘਾਨ ਲਗੇ
ਸਿੰਘ ਹਥ ਨਾ ਆਉਂਦੇ ਉਨ੍ਹਾਂ ਦੇ ਜੀ ਫਿਰ ਦੇਸ ਵੈਰਾਨ ਕਰਾਨ ਲਗੇ
ਮੋਮਨ ਖਾਂ ਨੇ ਅੰਤ ਸਲਾਹ ਕੱਢੀ ਮੀਰ ਮੰਨੂੰ ਦਾ ਕਸਬ ਕਮਾਨ ਲਗੇ
ਫੜ ਸਿੰਘਾਂ ਦੇ ਸਾਕ ਕੁਟੰਬ ਸਾਰੇ ਬਾਲ ਬੱਚਿਆਂ ਤਈਂ ਮਰਵਾਨ ਲਗੇ
ਹੋਲਾ ਫੇਰ ਆ ਦੇਸ ਦੇ ਵਿਚ ਪਿਆ ਲੋਕ ਦੁਖੀ ਹੋ ਬੁਰੇ ਕੁਰਲਾਨ ਲਗੇ
ਸਿੰਘ ਨਿਕਲ ਆਏ ਛਡ ਝੱਲ ਸਾਰੇ ਛਾੱਪੇ ਮਾਰ ਕੇ ਫੌਜ ਮੁਕਾਨ ਲਗੇ
ਮੋਮਨ ਖਾਂ ਉਤੇ ਸਿੰਘ ਦੰਦ ਪੀਂਹਦੇ ਹੱਥ ਆ ਜਾਇ ਵੇਲਾ ਤਕਾਨ ਲਗੇ
ਡਰ ਛਾਪਿਆਂ ਤੋਂ ਜਹਾਂਦਾਰ ਮੋਮਨ ਪਿਛ੍ਹਾਂ ਹਟ ਕੇ ਮੂੰਹ ਛੁਪਾਨ ਲਗੇ
ਆਪ ਵਿਚ ਲਾਹੌਰ ਦੇ ਆਣ ਵੜੇ ਓਥੇ ਬੈਠੇ ਹੀ ਹੁਕਮ ਚਲਾਨ ਲਗੇ
ਰੌਲਾ ਪੈ ਰਿਹਾ ਸਾਰੇ ਕਰਤਾਰ ਸਿੰਘਾ ਵੇਖ ਖਾਨ ਅਮੀਰ ਪਛਤਾਨ ਲਗੇ
ਅੱਘੜ ਸਿੰਘ ਨੇ ਮੋਮਨ ਖਾਂ ਦਾ ਸਿਰ ਕੱਟਣਾ
ਮੋਮਨ ਖਾਂ ਨੇ ਬਹੁਤ ਹੀ ਅੱਤ ਚਾਈ ਸਿੰਘਾਂ ਨਾਲ ਸੀ ਵੈਰ ਕਮਾਯਾ ਉਸਨੇ
ਓਹਦੇ ਮਾਰਨੇ ਨੂੰ ਸਿੰਘ ਤੱਕ ਰਹੇ ਹੈਸੀ ਬੜਾ ਅਧਮੂਲ ਮਚਾਯਾ ਉਸਨੇ