ਜੌਹਰ ਖਾਲਸਾ
(੧੧)
ਕਾਗਾਂ ਵਿਚ ਨਾ ਕਾਗ ਹੋ ਰਲ ਜਾਵਾਂ ਹੰਸਾਂ ਵਿਚ ਕਰ ਹੰਸ ਬੈਠਾ ਦੇਣਾ
ਕਿਤੇ ਰੂੜੀਆਂ ਫੋਲ ਨ ਜਨਮ ਹਾਰਾਂ ਚੋਗਾ ਮੋਤੀਆਂ ਵਾਲਾ ਚੁਗਾ ਦੇਣਾ
ਕੂਕਰ ਦਰ ਦਾ ਰਖਣਾ ਦਰ ਉਤੇ ਦੁਰਕਾਰ ਨ ਪਰੇ ਹਟਾ ਦੇਣਾ
ਸ਼ਰਨ ਪਏ ਦੀ ਰਖਣੀ ਲਾਜ ਗੁਰਜੀ ਸਿਖੀ ਸਿਦਕ ਦਾ ਦਾਨ ਦਿਵਾ ਦੇਣਾ
ਔਗਣ ਭਰਿਆ ਭੀ ਚੇਰਾ ਆਪਦਾ ਹਾਂ ਝੇੜਾ ਜਨਮ ਦਾ ਗੇੜਾ ਮੁਕਾ ਦੇਣਾ
ਜਾਣ ਆਪਣਾ ਦਾਸ ਕਰਤਾਰ ਸਿੰਘ ਨੂੰ ਸਿਖੀ ਸਿਦਕ ਦਾ ਸ੍ਵਾਂਗ ਨਿਭਾ ਦੇਣਾ
ਵਾਕ ਕਵੀ
ਗੀਤ ਪੰਥ ਦੇ ਗਾਉਣ ਦਾ ਸ਼ੌਕ ਲੱਗਾ ਸਾਰੀ ਉਮਰ ਬਿਤਾਈ ਹੈ ਏਧਰੇ ਜੀ
ਭੁਲ ਗਏ ਜਹਾਨ ਦੇ ਸਭ ਝੇੜੇ ਬ੍ਰਿਤੀ ਰੋਕ ਠਹਿਰਾਈ ਹੈ ਏਧਰੇ ਜੀ
ਰਿਹਾ ਸ਼ੌਕ ਨਾ ਕਿੱਸੇ ਕਹਾਣੀਆਂ ਦਾ ਦਿਲ ਦੀ ਤਾਰ ਲਗਾਈ ਹੈ ਏਧਰੇ ਜੀ
ਸਭ ਪਾਸਿਆਂ ਤੋਂ ਕਲਮ ਰੋਕ ਕਰਕੇ ਜ਼ਬਰਦਸਤ ਚਲਾਈ ਹੈ ਏਧਰੇ ਜੀ
ਭੌਂ ਭੌਂ ਕੇ ਸੂਮ ਦੇ ਧਨ ਵਾਂਗੂ ਸੁਰਤ ਆਣ ਟਿਕਾਈ ਹੈ ਏਧਰੇ ਜੀ
ਕਿਸੇ ਤਰ੍ਹਾਂ ਦਾ ਹੋਰ ਨਾ ਰਸ ਰਿਹਾ ਦਿਲੋਂ ਪ੍ਰੀਤ ਵਧਾਈ ਹੈ ਏਧਰੇ ਜੀ
ਛੱਡੇ ਸੈਰ ਸ਼ਿਕਾਰ ਵਿਹਾਰ ਸਾਰੇ ਖੇਡ ਮਨ ਦੀ ਭਾਈ ਹੈ ਏਧਰੇ ਜੀ
ਵਰਕੇ ਫੋਲ ਇਤਿਹਾਸ ਨੂੰ ਵੇਖਦਾ ਰਿਹਾ ਕੁੰਡੀ ਸ਼ੌਕ ਅੜਾਈ ਹੈ ਏਧਰੇ ਜੀ
ਮਨ ਭਟਕਨਾਂ ਸਾਰੀਆਂ ਛੱਡ ਬੈਠਾ ਰੋਕ ਸੁਰਤ ਜਮਾਈ ਹੈ ਏਧਰੇ ਜੀ
ਗੁਰੂ ਪੰਥ ਦੇ ਵਿਚ ਕਰਤਾਰ ਸਿੰਘਾ ਗੁਰੂ ਰਮਜ਼ ਬਤਾਈ ਹੈ ਏਧਰੇ ਜੀ
ਤਥਾ
ਅਗੇ ਲਿਖਿਆ ਸਿੱਖ ਇਤਿਹਾਸ ਹੈਸੀ ਚਹੁੰ ਲੜੀਆਂ ਤੱਕ ਪੁਚਾਯਾ ਸੀ
ਅਗਾਂ ਲਿਖਣ ਦਾ ਸਮਾਂ ਨ ਫੇਰ ਮਿਲਿਆ ਉਹ ਵਿੱਚੇ ਹੀ ਜਾ ਠਹਿਰਾਯਾ ਸੀ
ਗੱਦੀ ਉਤੇ ਬੈਠਾਲ ਦਲੀਪ ਸਿੰਘ ਨੂੰ ਅਗ੍ਹਾਂ ਲਿਖਣਾ ਤਦੋਂ ਨ ਭਾਯਾ ਸੀ
ਜਿਥੇ ਛਡਿਆ ਓਥੇ ਹੀ ਰਹਿ ਗਿਆ ਓਹ ਓਧਰ ਮੁੜ ਨ ਦਿਲ ਲਗਾਯਾ ਸੀ
ਕੀਤੀ ਸ਼ੋਧ ਭੀ ਮੁੜ ਕੇ ਓਸ ਦੀ ਨਾ ਜਿਵੇਂ ਮੁਕਿਆ ਤਦੋਂ ਮੁਕਾਯਾ ਸੀ
ਗੜ ਬੜ ਪਾਈ ਵਿਚ ਛੰਦਾ ਬੰਦੀ ਬੈਂਤਾਂ ਵਿਚ ਨ ਸਾਰਾ ਲਿਖਾਯਾ ਸੀ
ਜਿਹਾ ਸਮਾਂ ਸੀ ਓਵੇਂ ਹੀ ਲਿਖ ਦਿਤਾ ਇਕ ਰਸ ਨ ਵਜ਼ਨ ਚਲਾਯਾ ਸੀ
ਕੜੇ ਕੋਰੜੇ ਪੜ੍ਹ ਨ ਖੁਸ਼ ਹੋਏ ਕਈਆਂ ਦੋਸਤਾਂ ਮੈਨੂੰ ਜਤਾਯਾ ਸੀ
ਬੈਂਤਾਂ ਵਿਚ ਕਵਿਤਾ ਸਾਰੀ ਚਾਹੀਦੀ ਸੀ ਕਾਹਨੂੰ ਛੰਦਾਂ ਦਾ ਝੇੜਾ ਪਾਯਾ ਸੀ
ਵੱਗ ਗਏ ਦਰਿਆਵਾਂ ਦੇ ਪਾਣੀਆਂ ਨੂੰ ਕਿਸੇ ਫੇਰ ਨ ਪਿਛ੍ਹਾਂ ਪਰਤਾਯਾ ਸੀ