ਪੰਨਾ:Johar khalsa.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੪)

ਜੌਹਰ ਖਾਲਸਾ


ਅਹਿਮਦ ਸ਼ਾਹ ਨੇ ਥਾਨੇਸਰ ਆਦਿਕ ਅਸਥਾਨਾਂ ਤੇ ਲੁਟ ਮਚਾਣੀ

ਪਰਤ ਦਿੱਲੀਓਂ ਲੁੱਟਦਾ ਦੇਸ ਤਾਈਂ ਡੇਰੇ ਆਣ ਥਾਨੇਸਰ ਪਾਵੰਦਾ ਜੀ
ਏਥੇ ਹਿੰਦੂਆਂ ਦੇ ਵਡੇ ਵੇਖ ਤੀਰਥ ਤਾਕ ਉਨਾਂ ਦੇ ਵੱਲ ਲਗਾਵੰਦਾ ਜੀ
ਪੰਡੇ ਦੇਇ ਪੰਜਾਹ ਹਜ਼ਾਰ ਰਹੇ ਅਹਿਮਦ ਸ਼ਾਹ ਨ ਅੱਖ ਰਲਾਵੰਦਾ ਜੀ
ਫੌਜ ਚਾੜ੍ਹ ਥਾਨੇਸਰ ਲੁੱਟ ਲਿਆ ਘਰ ਪੰਡਿਆਂ ਫੋਲ ਫੁਲਾਵੰਦਾ ਜੀ
ਪੰਡੇ ਏਸ ਥਾਂ ਦੇ ਧਨਵਾਨ ਭਾਰੇ ਦੇਇ ਚੋਂਭੜਾਂ ਮਾਲ ਕਢਾਵੰਦਾ ਜੀ
ਹੱਥ ਫੇਰਿਆ ਫੇਰ ਪਹੋਏ ਉਤੇ ਐਨ ਝਾੜ ਕੇ ਸਾਫ ਕਰਾਵੰਦਾ ਜੀ
ਮੁੰਡੇ ਤੀਵੀਆਂ ਸੈਂਕੜੇ ਫੜ ਲਏ ਫੌਜ ਆਪਣੀ ਤਈਂ ਰਝਾਵੰਦਾ ਜੀ
ਬੇਸ਼ੁਮਾਰ ਲੈ ਧਨ ਕਰਤਾਰ ਸਿੰਘਾ ਡੇਰੇ ਆਣ ਸਰਹੰਦ ਜਮਾਵੰਦਾ ਜੀ

ਅਹਿਮਦ ਸ਼ਾਹ ਦਾ ਹੁਕਮ

ਅੱਠ ਦਿਨ ਸਰਹੰਦ ਦੇ ਵਿਚ ਰਿਹਾ ਓਥੇ ਬੈਠ ਥਕੇਵੇਂ ਸੀ ਲਾਹਿ ਸਾਰੇ
ਨੰਬਰਦਾਰ ਤੇ ਪੈਂਚ ਅਮੀਰ ਜਿੰਨੇ ਕੱਠੇ ਦੇਸ ਦੇ ਵਿਚੋਂ ਕਰਾਇ ਸਾਰੇ
ਤਲਕੇਦਾਰ ਤੇ ਹੋਰ ਜਾਗੀਰਾਂ ਵਾਲੇ ਸ਼ਾਹ ਦੁਰਾਨੀ ਦੇ ਪਾਸ ਬੁਲਾਇ ਸਾਰੇ
ਜਿੰਨਾ ਤਲਕਾ ਹੈ ਸਰਹੰਦ ਦਾ ਜੀ ਪਿੰਡ ਕਾਬਲ ਨਾਲ ਲਗਾਇ ਸਾਰੇ
ਰਿਹਾ ਤੱਲਕਾ ਦਿੱਲੀ ਦੇ ਨਾਲ ਨ ਇਹ ਹੱਕ ਮੁਗਲਾਂ ਅਗੋਂ ਤੁੜਾਇ ਸਾਰੇ
ਅਗੋਂ ਨਜ਼ਰਾਂ ਅਤੇ ਮੁਆਮਲੇ ਜੋ ਸੂਬਾ ਕਾਬਲ ਵਿਚ ਪੁਚਾਇ ਸਾਰੇ
ਪਟੇ ਦਿੱਲੀ ਦੇ ਸਭ ਮਨਸੂਖ ਕਰਕੇ ਨਵੇਂ ਕਾਬਲ ਨਾਮ ਲਿਖਾਇ ਸਾਰੇ
ਸੂਬਾ ਕਰ *ਅਬਦੁਲੇ ਖਾਨ ਤਾਈਂ ਕੰਮ ਓਹਦੇ ਸਪੁਰਦ ਕਰਾਇ ਸਾਰੇ
ਉਹਦਾ ਨਾਇਬ ਕਰ ਸਦੀਕ ਤਾਈਂ ਡੇਰੇ ਵੱਲ ਲਾਹੌਰ ਚਲਾਇ ਸਾਰੇ
ਜ਼ੋਰ ਵਿਚ ਇਕਬਾਲ ਕਰਤਾਰ ਸਿੰਘਾ ਹਾਕਮ ਸ਼ਾਹ ਦੁਰਾਨੀ ਝੁਕਾਇ ਸਾਰੇ

ਬਾਦਸ਼ਾਹ ਨੇ ਕਾਬਲ ਵਾਪਸ ਜਾਣਾ

ਇਕ ਮਾਹ ਲਾਹੌਰ ਦੇ ਵਿਚ ਰਿਹਾ ਨਾਲ ਬੇਗਮ ਮੌਜ ਬਹਾਰ ਕਰਦਾ
ਬੰਦੋਬਸਤ +ਪੰਜਾਬ ਦਾ ਕਰਨ ਲਈ ਬੇਟਾ ਸ਼ਾਹ ਤੈਮੂਰ ਮੁਖਤਾਰ ਕਰਦਾ
ਧਨ ਦੌਲਤ ਬੇਸ਼ੁਮਾਰ ਲੈ ਕੇ ਪਰਤ ਕਾਬਲ ਵੱਲ ਮੁਹਾਰ ਕਰਦਾ


*ਅਬਦੁਲ ਸਮੁੰਦ ਖਾਂ ਮੁਹੰਮਦ ਜ਼ਈ ।

+ਦੁਆਬੇ ਦਾ ਫੌਜਦਾਰ ਸਰਫਰਾਜ਼ ਖਾਂ ਅਫਗਾਨ ਨੂੰ ਕੀਤਾ ਤੇ ਬੁਲੰਦ ਖਾਂ ਮੱਦੋ ਜ਼ਈ ਮੁਲਤਾਨੀਆਂ ਸੂਬੇਦਾਰ ਕਸ਼ਮੀਰ ਕਰ ਗਿਆ ।