ਜੌਹਰ ਖਾਲਸਾ
(੧੫)
ਦੇਸ ਹੋਯਾ ਉਜਾੜ ਕਰਤਾਰ ਸਿੰਘਾ ਸਾੱਕਾਂ ਅੰਗਾਂ ਦੀ ਮੇਲ ਮਿਲਾਈ ਨ ਸੀ
ਵਾਕ ਕਵੀ
ਸੂਬੇ ਖਾਨ ਬਹਾਦਰ ਦੀ ਮੌਤ ਤੋੜੀ ਅਜੀਤ ਖਾਲਸੇ ਵਿਚ ਲਿਖਾ ਆਯਾ
ਕੀਤੇ ਜ਼ੁਲਮ ਜੋ ਓਸ ਨੇ ਸਿੰਘਾਂ ਉਤੇ ਬਹੁਤ ਵਨਗੀਆਂ ਪਿਛੇ ਦਿਖਾ ਆਯਾ
ਹਠ ਖਾਲਸੇ ਦਾ ਜ਼ੁਲਮ ਹਾਕਮਾਂ ਦੇ ਵਖੋ ਵਖਰੇ ਕਰ ਜਤਾ ਆਯਾ
ਸੁਣੋ ਅਗਲੇ ਹਾਲ ਕਰਤਾਰ ਸਿੰਘਾ ਸਮਾਂ ਕਿਸ ਤਰਾਂ ਰੂਪ ਵਟਾ ਆਯਾ
ਤਥਾ
ਸੂਬਾ ਖਾਨ ਬਹਾਦਰ ਮਰ ਗਿਆ ਜਾਂ ਵਡੇ ਜ਼ੋਰ ਤੇ ਜ਼ੁਲਮ ਜਤਾ ਕਰਕੇ
ਕੀਤੀ ਨਾਲ ਰਿਆਯਾ ਦੇ ਬਹੁਤ ਤੱਦੀ ਤਖਤ ਤਾਜ ਦਾ ਮਾਨ ਰਖਾ ਕਰਕੇ
ਵਿਚ ਦੇਸ ਦੇ ਮੁੱਢ ਬਰਬਾਦੀਆਂ ਦਾ ਰਸਤੇ ਜ਼ੁਲਮ ਦੇ ਸ਼ੁਰੂ ਕਰਵਾ ਕਰਕੇ
ਪੰਥ ਤਾਈਂ ਮੁਕਾਂਵਦਾ ਮੁਕ ਗਿਆ ਸੈਂ ਮਾਵਾਂ ਦੇ ਪੁਤ ਮਰਵਾ ਕਰਕੇ
ਬੇ-ਗੁਨਾਹਾਂ ਦੇ ਤਾਈਂ ਮਰਵਾ ਹੱਥੀਂ ਸਿਰ ਪਾਪ ਦੇ ਭਾਰ ਉਠਾ ਕਰਕੇ
ਜ਼ੋਰ ਜ਼ੁਲਮ ਤੇ ਬੇਇਨਸਾਫੀਆਂ ਕਰ ਕਰਨੀ ਆਪਣੀ ਦਾ ਫਲ ਪਾ ਕਰਕੇ
ਪਿਆ ਦੋਜ਼ਖਾਂ ਦੇ ਵਿਚ ਅੰਤ ਨੂੰ ਜਾ ਮੱਥੇ ਦਾਗ ਸਿਆਹੀ ਲਗਾ ਕਰਕੇ
ਪਿੱਛੇ ਲਿਖ ਆਯਾ ਕਰਤਾਰ ਸਿੰਘਾ 'ਅਜੀਤ ਖਾਲਸਾ' ਪੜ੍ਹੋ ਮੰਗਾ ਕਰਕੇ
ਯਾਹਯਾ ਖਾਂ ਤੇ ਸ਼ਾਹ ਨਿਵਾਜ਼ ਖਾਂ
ਏਸੇ ਸੂਬੇ ਦੇ ਹੈਸਨ ਦੋ ਬੇਟੇ ਯਾਹਯਾ ਖਾਨ ਸੀ ਵੱਡਾ ਪਛਾਨ ਭਾਈ
ਛੋਟਾ ਸ਼ਾਹ ਨਿਵਾਜ਼ ਸੀ ਨਾਮ ਓਹਦਾ ਵੱਡਾ ਹਠੀ ਅਤੇ ਬਲਵਾਨ ਭਾਈ
ਸੂਬੇ ਖਾਨ ਬਹਾਦਰ ਦੀ ਮੌਤ ਪਿਛੋਂ [1]ਕਮਰ ਦੀਨ ਨੇ ਕਰ ਧਿਆਨ ਭਾਈ
ਯਾਹਯੇ ਖਾਨ ਨੂੰ ਕਰ ਲਾਹੌਰ ਸੂਬਾ ਸ਼ਾਹ ਨਿਵਾਜ਼ ਨੂੰ ਕਰ ਮੁਲਤਾਨ ਭਾਈ
ਰੱਖੀ ਤਾਕਤ ਕਾਇਮ ਕਰਤਾਰ ਸਿੰਘਾ ਕਮਰ ਦੀਨ ਦਾੱਨਾ ਸੁਜਾਨ ਭਾਈ
ਯਾਹਯਾ ਖਾਂ ਲਾਹੌਰ ਦੇ ਤਖਤ ਤੇ
ਊਠ ਚਾਲੀ ਤੇ ਕਹਿਣ ਪੰਜਤਾਲੀ ਬੋੱਤਾ ਯਾਹਯਾ ਖਾਂ ਹੋਕੇ ਤਾਜਦਾਰ ਬੈਠਾ
ਇਹ ਬਾਪ ਤੋਂ ਵੀ ਹਿੱਸੇ ਚਾਰ ਹੈਸੀ ਤੇਗ ਜ਼ੁਲਮ ਦੀ ਲੈ ਆਬਾਦ ਬੈਠਾ
ਵਡਾ ਤੇਜ਼ ਤੱਰਾਰ ਜਵਾਨ ਜ਼ਾਲਮ ਸੂਬਾ ਬਣ ਨਵਾਂ ਖੂਨਖਾਰ ਬੈਠਾ
ਵੈਰੀ ਸਿੰਘਾਂ ਦਾ ਭਾਰਾ ਕਰਤਾਰ ਸਿੰਘਾ ਕਰ ਸ਼ਰ੍ਹਾ ਦੀ ਤੇਜ਼ ਤਲਵਾਰ ਬੈਠਾ
- ↑ *ਕਮਰ ਦੀਨ ਬਾਦਸ਼ਾਹ ਦਾ ਵਜ਼ੀਰ ਸੀ ਤੇ ਸੂਬੇ ਅਬਦੁਲ ਸਮੁੰਦ ਖਾਂ ਦਾ ਛੋਟਾ ਭਰਾ ਸੀ ਅਤੇ ਇਹਨਾਂ ਦਾ ਬਾਬਾ ਲੱਗਦਾ ਸੀ।